ਚੱਬੇਵਾਲ, 28 ਮਾਰਚ (ਰਾਜੀਵ ਭਾਰਦਵਾਜ)-ਚੱਬੇਵਾਲ 'ਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਜਰਾਵਰ ਦੇ ਨਾਲ ਲੱਗਦੇ ਖੇਤਾਂ ਵੱਲ ਜਦੋਂ ਸਵੇਰੇ ਪਸ਼ੂਆਂ ਲਈ ਚਾਰਾ ਲੈਣ ਲਈ ਕੁੱਝ ਲੋਕਾਂ ਨੇ ਦੇਖਿਆ ਕਿ ਖੇਤ ਦੇ ਕੋਨੇ 'ਤੇ ਲੱਗੇ ਤੂਤ ਦੇ ਦਰਖ਼ਤ ਨਾਲ ਕਿਸੇ ਨੇ ਫਾਹਾ ਲਿਆ ਹੋਇਆ ਸੀ, ਜਿਸ ਦੀ ਸੂਚਨਾ ਥਾਣਾ ਚੱਬੇਵਾਲ ਪੁਲਿਸ ਨੂੰ ਦਿੱਤੀ | ਥਾਣਾ ਮੁਖੀ ਇੰਚਾਰਜ ਇੰਸਪੈਕਟਰ ਮਨਿੰਦਰ ਸਿੰਘ ਅਤੇ ਏ.ਐਸ.ਆਈ. ਮੋਹਨ ਚੰਦ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਮੌਕੇ ਤੋਂ ਲਾਸ਼ ਦੇ ਕੋਲ ਸ਼ਰਾਬ ਦੀ ਬੋਤਲ, ਮੋਬਾਈਲ ਫ਼ੋਨ, ਲਾਈਟਰ ਪਿਆ ਸੀ, ਜੋ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਮਟਰੂ ਪਿੰਡ ਗੌਂਸਲੀ ਜ਼ਿਲ੍ਹਾ ਸੰਬਲ (ਉੱਤਰ ਪ੍ਰਦੇਸ਼) ਵਜੋਂ ਹੋਈ, ਜੋ ਖੇਤਾਂ 'ਚ ਹੀ ਬਣੇ ਕਿਸੇ ਕਿਸਾਨ ਦੇ ਡੇਰੇ 'ਚ ਪਿਛਲੇ ਲਗਪਗ 7-8 ਸਾਲ ਤੋਂ ਰਹਿ ਰਿਹਾ ਸੀ ਅਤੇ ਸਾਈਕਲ 'ਤੇ ਕਬਾੜ ਦਾ ਕੰਮ ਕਰਦਾ ਸੀ | ਮੌਕੇ 'ਤੇ ਲੋਕਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਆਤਮ ਹੱਤਿਆ ਨਹੀਂ, ਬਲਕਿ ਹੱਤਿਆ ਦਾ ਮਾਮਲਾ ਲੱਗ ਰਿਹਾ ਹੈ, ਜਦਕਿ ਇੰਸਪੈਕਟਰ ਮਨਿੰਦਰ ਸਿੰਘ ਨੇ ਕਿਹਾ ਮਿ੍ਤਕ ਦੇ ਸਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਅਤੇ ਨਾ ਹੀ ਕਮੀਜ਼ ਦਾ ਕੋਈ ਬਟਨ ਟੁੱਟਾ ਹੈ, ਭਾਵ ਇਹ ਹੱਤਿਆ ਨਹੀਂ ਆਤਮ ਹੱਤਿਆ ਹੈ |