ਗੜ੍ਹਦੀਵਾਲਾ 28 ਮਾਰਚ (ਚੱਗਰ)-ਪੰਜਾਬ ਸਰਕਾਰ ਵੱਲੋਂ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਨੂੰ ਵਾਧੂ ਚਾਰਜ ਦਿੰਦਿਆਂ ਜੇਲ੍ਹ ਮੰਤਰੀ ਬਣਾਏ ਜਾਣ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪਰਿਵਾਰ ਸਮੇਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ | ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ | ਸੰਤ ਸੇਵਾ ਸਿੰਘ ਨੇ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਇਸ ਉਪਲਬਧੀ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਬਾਬਾ ਜੀ ਨਾਲ ਧਾਰਮਿਕ, ਸਮਾਜਿਕ ਤੇ ਰਾਜਸੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਵੀ ਕੀਤੀ | ਇਸ ਮੌਕੇ ਸੰਤ ਸੇਵਾ ਸਿੰਘ ਨੇ ਉਨ੍ਹਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਨਿਰਸਵਾਰਥ ਭਾਵਨਾ ਨਾਲ ਇਲਾਕੇ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਹੋਰ ਵੀ ਉੱਚਾ ਕਰਨਗੇ | ਇਸ ਮੌਕੇ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ, ਕੁਲਦੀਪ ਸਿੰਘ ਮਿਰਜ਼ਾਪੁਰ, ਪੀ.ਏ. ਰਾਜਵੀਰ ਸਿੰਘ, ਮਹੰਤ ਸੁਖਵਿੰਦਰ ਸਿੰਘ, ਦੀਦਾਰ ਸਿੰਘ, ਕਮਲਜੀਤ ਸਿੰਘ ਹਰਦੋਪੱਟੀ, ਸਤਨਾਮ ਸਿੰਘ ਬਾਹਲਾ ਆਦਿ ਹਾਜਰ ਸਨ |