ਮੁਕੇਰੀਆਂ, 2 ਅਪ੍ਰੈਲ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਚ ਰਸਾਇਣ ਵਿਗਿਆਨ ਵਿਭਾਗ ਵਲੋਂ ਆਈ.ਕਿਊ.ਏ.ਐੱਸ. ਅਤੇ ਵਾਂਟ ਹੌਫ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਬਣ ਅਤੇ ਕਾਸਮੈਟਿਕਸ ਨਿਰਮਾਣ ਵਿਸ਼ੇ 'ਤੇ ਇਕ ਦਿਵਸੀ ਵਪਾਰਕ ਕੁਸ਼ਲਤਾ ਵਰਕਸ਼ਾਪ ਦਾ ਵਿਸ਼ਾਲ ਅਤੇ ਸਫਲ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਬੀ.ਐੱਸ.ਸੀ. ਅਤੇ ਐੱਮ.ਐੱਸ.ਸੀ. ਰਸਾਇਣ ਵਿਗਿਆਨ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਵਰਕਸ਼ਾਪ ਦੀ ਮੁੱਖ ਵਕਤਾ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਤੋਂ ਸੇਵਾ-ਮੁਕਤ ਪ੍ਰੋ. ਚੰਦਰਕਾਂਤਾ ਸਿਲਹੀ ਰਹੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਾਸਮੈਟਿਕ ਉਤਪਾਦਾਂ ਦੇ ਵਿਗਿਆਨਕ, ਤਕਨੀਕੀ ਅਤੇ ਵਿਹਾਰਕ ਪੱਖਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਕਾਰਜਕ੍ਰਮ ਦੀ ਸ਼ੋਭਾ ਮਹਾਂਵਿਦਿਆਲਿਆ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦੀ ਹਾਜ਼ਰੀ ਨਾਲ ਹੋਰ ਵੀ ਵੱਧ ਗਈ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਦੇ ਨਾਲ-ਨਾਲ ਰੋਜ਼ਗਾਰ-ਕੇਂਦਿ੍ਤ ਸਿੱਖਿਆ ਵੱਲ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਵਿਭਾਗ ਮੁਖੀ ਡਾ. ਜਸਮਿੰਦਰ ਸਿੰਘ ਨੇ ਵੀ ਰਸਾਇਣ ਵਿਗਿਆਨ ਦੇ ਵਿਹਾਰਕ ਪ੍ਰਯੋਗਾਂ ਉੱਤੇ ਰੌਸ਼ਨੀ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਨਵੀਂ ਸੋਚ ਤੇ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕੀਤਾ | ਵਰਕਸ਼ਾਪ ਦੌਰਾਨ ਮੁੱਖ ਵਕਤਾ ਪ੍ਰੋ. ਚੰਦਰਕਾਂਤਾ ਸਿਲਹੀ ਵੱਲੋਂ ਸਾਬਣ ਬਣਾਉਣ, ਹੈਂਡ ਲੋਸ਼ਨ, ਲਿਪ ਬਾਮ ਤੇ ਵਾਲਾਂ ਦਾ ਤੇਲ ਤਿਆਰ ਕਰਨ ਦੀਆਂ ਕਦਮ-ਦਰ-ਕਦਮ ਵਿਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਨੇ ਨਾ ਸਿਰਫ਼ ਇਨ੍ਹਾਂ ਉਤਪਾਦਾਂ ਦੀ ਬਣਾਉਣ ਦੀਆਂ ਤਕਨੀਕਾਂ ਸਿੱਖੀਆਂ, ਸਗੋਂ ਉਨ੍ਹਾਂ ਦੇ ਵਪਾਰਕ ਉਪਯੋਗ, ਗੁਣਵੱਤਾ ਨਿਯੰਤਰਨ ਅਤੇ ਬਾਜ਼ਾਰ ਸੰਭਾਵਨਾਵਾਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਆਨਲਾਈਨ ਮਾਧਿਅਮ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਅਤੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਭਾਗੀਦਾਰੀ ਰਹੀ, ਜਿਸ ਨਾਲ ਕਾਰਜਕ੍ਰਮ ਦੀ ਪ੍ਰਭਾਵਸ਼ੀਲਤਾ ਅਤੇ ਵਿਸ਼ਾਲਤਾ ਹੋਰ ਵਧ ਗਈ | ਇਹ ਵਰਕਸ਼ਾਪ ਵਿਦਿਆਰਥੀਆਂ ਲਈ ਗਿਆਨ ਭਰਪੂਰ, ਪ੍ਰੇਰਣਾਦਾਇਕ ਅਤੇ ਸਵੈ-ਰੁਜ਼ਗਾਰ ਵੱਲ ਇੱਕ ਮਹੱਤਵਪੂਰਨ ਪਹੁੰਚ ਸਾਬਤ ਹੋਈ | ਇਸ ਮੌਕੇ ਮਹਾਂਵਿਦਿਆਲਾ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ, ਵਿਭਾਗ ਮੁਖੀ ਡਾ. ਜਸਮਿੰਦਰ ਸਿੰਘ, ਪ੍ਰੋ. ਰੇਖਾ ਰਾਣੀ, ਡਾ. ਮੇਘਾ, ਪ੍ਰੋ. ਸਾਰਾਂਸ਼ ਗੁਲੇਰੀਆ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਤਾਨਿਆ ਸੋਨੀ ਅਤੇ ਪ੍ਰਯੋਗਸ਼ਾਲਾ ਸਹਾਇਕ ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅੰਤ ਵਿਚ ਰਸਾਇਣ ਵਿਗਿਆਨ ਵਿਭਾਗ ਵਲੋਂ ਮਹਾਂਵਿਦਿਆਲਾ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ, ਕਾਲਜ ਪ੍ਰਬੰਧਕ ਕਮੇਟੀ ਤੇ ਮੁੱਖ ਵਕਤਾ ਪ੍ਰੋ. ਚੰਦਰਕਾਂਤਾ ਸਿਲਹੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਸਮੁੱਚੇ ਕਾਰਜਕ੍ਰਮ ਨੂੰ ਪ੍ਰੋ. ਰੇਖਾ ਰਾਣੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤਾ ਗਿਆ |