ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਪਤੀ-ਪਤਨੀ ਸਮੇਤ 4 ਜਣਿਆਂ ਨੂੰ ਕਾਬੂ ਕੀਤਾ ਹੈ | ਥਾਣਾ ਸਦਰ 'ਚ ਤੈਨਾਤ ਪੁਲਿਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਬਾਅਦ ਪੰਜਾਬ ਹਿਮਾਚਲ ਸੀਮਾ 'ਤੇ ਸਥਿਤ ਪਿੰਡ ਚੱਕ ਸਾਧੂ ਦੇ ਕੋਲ ਅੰਤਰਰਾਜੀ ਪੱਧਰ ਦੀ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਉੱਥੋਂ ਲੰਘ ਰਹੀ ਇਕ ਕਾਰ 'ਚ ਸਵਾਰ ਲੋਕਾਂ ਨੇ ਜਦੋਂ ਪੁਲਿਸ ਦੀ ਨਾਕਾਬੰਦੀ ਦੇਖੀ ਤਾਂ ਇਕ ਪੈਕੇਟ ਬਾਹਰ ਸੁੱਟ ਦਿੱਤਾ ਅਤੇ ਉੱਥੋਂ ਦੌੜਨ ਦਾ ਯਤਨ ਕੀਤਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਹਾਂ ਦੀ ਪਹਿਚਾਣ ਅਕਸ਼ੈ ਰਾਣਾ ਉਰਫ਼ ਅਕਸ਼ੈ ਤੇ ਪਾਰਸ ਠਾਕੁਰ ਉਰਫ਼ ਨਨਾਂ ਵਾਸੀ ਕੁੱਲੂ ਹਿਮਾਚਲ ਪ੍ਰਦੇਸ਼ ਵਜੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਸੁੱਟੇ ਗਏ ਪੈਕੇਟ 'ਚੋਂ 100 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਕਾਰ ਨੂੰ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ | ਇਸੇ ਤਰ੍ਹਾਂ ਮਾਹਿਲਪੁਰ ਪੁਲਿਸ ਨੇ ਇਲਾਕੇ 'ਚ ਗਸ਼ਤ ਦੌਰਾਨ ਇਕ ਪਤੀ-ਪਤਨੀ ਨੂੰ ਕਾਬੂ ਕਰਕੇ ਉਸ ਤੋਂ 215 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਸਤਪਾਲ ਉਰਫ਼ ਸੱਤੂ ਤੇ ਉਸ ਦੀ ਪਤਨੀ ਕੁਲਵੰਤ ਕੌਰ ਵਾਸੀ ਗੋਲੀਆਂ ਵਜੋਂ ਹੋਈ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ਼ ਕਰ ਲਏ ਹਨ |