ਨੰਗਲ ਬਿਹਾਲਾਂ, 11 ਅਪ੍ਰੈਲ (ਵਿਨੋਦ ਮਹਾਜਨ)- ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਰੀਟਾ ਕੁਮਾਰੀ ਅਤੇ ਕਮੇਟੀ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਸੌ ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ | ਉਨ੍ਹਾਂ ਦੱਸਿਆ ਐਰਿਕਾ 87.5, ਰਿਆ 85.5 ਅਤੇ ਨਵਜੋਤ 85.33 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ | ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਲਗਨ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਜ਼ਿਆਦਾ ਮਿਹਨਤ ਤੇ ਲਗਨ ਨਾਲ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਆਸ਼ੀਰਵਾਦ ਦਿੱਤਾ |