ਗੜ੍ਹਸ਼ੰਕਰ, 26 ਅਪ੍ਰੈਲ (ਧਾਲੀਵਾਲ)-ਦੋਆਬਾ ਸਾਹਿੱਤ ਸਭਾ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਸਭਾ ਦੇ ਗਾਂਧੀ ਪਾਰਕ ਸਥਿਤ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਸਭਾ ਵਲੋਂ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ 3 ਮਈ ਦਿਨ ਐਤਵਾਰ ਨੂੰ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਕੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 10.30 ਵਜੇ ਆਰੰਭ ਹੋਣ ਵਾਲੇ ਇਸ ਸਮਾਗਮ ਵਿਚ ਸਭਾ ਦੀ ਮੈਂਬਰ ਕਵਿੱਤਰੀ ਅਨੀਤਾ ਨਵ ਵਿਸ਼ਿਸ਼ਟ ਦਾ ਪਲੇਠਾ ਕਾਵਿ ਸੰਗ੍ਰਹਿ 'ਕਦੇ ਜਾਪੇ' ਨੂੰ ਲੋਕ ਅਰਪਣ ਕਰਨ ਉਪਰੰਤ ਕਵੀ ਦਰਬਾਰ ਹੋਵੇਗਾ | ਪ੍ਰਬੰਧਕਾਂ ਨੇ ਸਾਹਿੱਤ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਮੀਟਿੰਗ ਵਿਚ ਪਵਨ ਕੁਮਾਰ ਭੰਮੀਆਂ, ਅਮਰੀਕ ਹਮਰਾਜ਼, ਬਲਵੀਰ ਖ਼ਾਨਪੁਰੀ, ਸਰਵਣ ਸਿੱਧੂ, ਅਨੀਤਾ ਨਵ ਵਿਸ਼ਿਸ਼ਟ, ਸਿਤਾਰਾ ਸਿੰਘ ਗਿੱਲ, ਦਲਵਾਰਾ ਰਾਮ, ਮੁਕੇਸ਼ ਕੁਮਾਰ, ਬਲਕਾਰ ਸਿੰਘ ਮਘਾਣੀਆਂ ਅਤੇ ਗੁਰਦੀਪ ਗਿੱਲ ਹਾਜ਼ਰ ਹੋਏ |