19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੁਕੇਰੀਆਂ-ਕਿਲ੍ਹਾ ਰੋਡ ਦੀ ਖਸਤਾ ਹਾਲਤ ਵਿਰੁੱਧ ਕਾਂਗਰਸ ਨੇ ਕੱਢਿਆ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 07-05-2026
ਮੁਕੇਰੀਆਂ, 6 ਮਈ (ਰਾਮਗੜ੍ਹੀਆ)- ਮੁਕੇਰੀਆਂ ਕਾਂਗਰਸ ਵਲੋਂ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਮੁਕੇਰੀਆਂ ਤੋਂ ਕਿਲਾ ਰੋਡ ਦੀ ਖ਼ਰਾਬ ਹਾਲਤ ਖ਼ਿਲਾਫ਼ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ, ਆਮ ਜਨਤਾ ਅਤੇ ਨਿੱਜੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਇਸ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ | ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਅਤੇ ਪੀ.ਡਬਲਯੂ.ਡੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ | ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਮੁਕੇਰੀਆਂ ਤੋਂ ਕਿਲਾ ਜਾਣ ਵਾਲੀ ਇਹ ਸੜਕ ਪਿਛਲੇ ਲਗਭਗ 5 ਸਾਲਾਂ ਤੋਂ ਬਹੁਤ ਹੀ ਖਰਾਬ ਹਾਲਤ ਵਿਚ ਹੈ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸੜਕ ਇਲਾਕੇ ਦੀ ਇਕ ਮਹੱਤਵਪੂਰਨ ਲਾਈਫ ਲਾਈਨ ਹੈ, ਜਿਸ ਰਾਹੀਂ ਹਰ ਰੋਜ਼ ਹਜ਼ਾਰਾਂ ਲੋਕ ਗੁਜ਼ਰਦੇ ਹਨ, ਪਰ ਸਰਕਾਰ ਵਲੋਂ ਇਸ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਸ ਸੜਕ 'ਤੇ ਸੱਤ ਹਸਪਤਾਲ ਸਥਿਤ ਹਨ, ਜਿੱਥੇ ਹਰ ਰੋਜ਼ ਬਹੁਤ ਸਾਰੇ ਮਰੀਜ਼ ਇਲਾਜ ਲਈ ਆਉਂਦੇ ਹਨ ਲੇਕਿਨ ਟੁੱਟੀ ਸੜਕ ਕਾਰਨ ਮਰੀਜ਼ਾਂ, ਉਨ੍ਹਾਂ ਦੇ ਸਾਥੀਆਂ ਅਤੇ ਐਮਰਜੈਂਸੀ ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਐਂਬੂਲੈਂਸਾਂ ਸਮੇਂ 'ਤੇ ਮਰੀਜ਼ਾਂ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਪਾਉਦੀਆ, ਜੋ ਕਿ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਸਥਿਤੀ ਹੈ | ਅੱਜ ਦੇ ਰੋਸ ਪ੍ਰਦਰਸ਼ਨ ਵਿਚ ਡਾ. ਅਸ਼ਵਨੀ ਗੌਤਮ, ਡਾ. ਅਰਜੁਨ (ਸਰਜਨ), ਡਾ. ਸ਼ਵਿੰਦਰ ਸਿੰਘ, ਡਾ. ਲਖਵਿੰਦਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਨ੍ਹਾਂ ਡਾਕਟਰਾਂ ਨੇ ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਖ਼ਰਾਬ ਸੜਕ ਕਾਰਨ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਕੇਸਾਂ ਵਿਚ ਹਰ ਮਿੰਟ ਕੀਮਤੀ ਹੁੰਦਾ ਹੈ, ਪਰ ਸੜਕ ਦੀ ਬਦਤਰ ਹਾਲਤ ਕਾਰਨ ਇਲਾਜ ਵਿਚ ਦੇਰੀ ਹੋ ਜਾਂਦੀ ਹੈ, ਜੋ ਕਿ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇਸ ਸੜਕ ਦੀ ਹਾਲਤ ਹੋਰ ਵੀ ਬੇਹੱਦ ਖ਼ਰਾਬ ਹੋ ਜਾਂਦੀ ਹੈ, ਸੜਕ 'ਤੇ ਪਏ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ | ਉਨ੍ਹਾ ਕਿਹਾ ਕਿ ਆਮ ਲੋਕਾਂ ਲਈ ਇਹ ਸੜਕ ਕਿਸੇ ਮੁਸੀਬਤ ਤੋਂ ਘੱਟ ਨਹੀਂ ਰਹਿ ਗਈ | ਰੋਸ ਮਾਰਚ ਤੋਂ ਬਾਅਦ ਵਫ਼ਦ ਵਲੋਂ ਐਕਸੀਅਨ ਪੀ.ਡਬਲਯੂ.ਡੀ. ਵਿਭਾਗ ਮੁਕੇਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿਚ ਸੜਕ ਦੀ ਤੁਰੰਤ ਮੁਰੰਮਤ ਜਾਂ ਨਵੀਂ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ 20 ਮਈ ਤੱਕ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਹਲਕਾ ਵਾਸੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਇਸ ਮੌਕੇ ਵਿਨੋਦ ਕੁਮਾਰ ਪ੍ਰਧਾਨ ਨਗਰ ਕੌਂਸਲ ਮੁਕੇਰੀਆਂ, ਬੀਬੀ ਸੁਰਜੀਤ ਕੌਰ ਸਾਬਕਾ ਐਮ.ਸੀ., ਬਲਵੀਰ ਸਿੰਘ ਬੱਘੂ ਸਾਬਕਾ ਐਮ.ਸੀ., ਰਾਜੇਸ਼ ਕੁਮਾਰ ਰੱਤੂ ਐਮ.ਸੀ., ਅਨਿਲ ਠਾਕੁਰ ਸਰਪੰਚ ਮਾਨਸਰ, ਤਜਿੰਦਰ ਪਾਲ ਸਿੰਘ ਸਰਪੰਚ ਗੌਲੜਾ, ਸੁਰਿੰਦਰ ਸਿੰਘ ਅਟੱਲਗੜ੍ਹ, ਰਾਜਨ ਵਰਮਾ, ਰਸ਼ਪਾਲ ਰੰਗਾ, ਕੁਲਵੀਰ ਸਿੰਘ ਬੱਬਾ, ਲਖਬੀਰ ਸਿੰਘ ਲੱਖੀ ਮਾਨਾ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਦੇ ਵਾਰਡ ਨੰਬਰ 7 ਤੋਂ ਕਈ ਪਰਿਵਾਰ ਹੋਏ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਦੁੱਧ, ਪਨੀਰ ਤੇ ਖੋਏ ਦੇ 6 ਸੈਂਪਲ ਭਰੇ
Ad Position 24