ਦਸੂਹਾ, 8 ਮਈ (ਭੁੱਲਰ)-ਸਰਕਾਰੀ ਮਿਡਲ ਸਕੂਲ ਬੇਰਛਾ ਵਿਖੇ ਪੜ੍ਹਾਈ ਦੇ ਖੇਤਰ 'ਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ | ਇਸ ਮੌਕੇ ਰੋਲ ਪਲੇ ਤੇ ਪੇਂਟਿੰਗ ਮੁਕਾਬਲਿਆਂ 'ਚੋਂ ਜੇਤੂ ਰਹੇ ਬੱਚਿਆਂ ਦਾ ਵੀ ਸਨਮਾਨ ਕੀਤਾ | ਸਕੂਲ ਸਟਾਫ਼ ਵਲੋਂ ਜੇਤੂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਪ੍ਰਸਿੱਧ ਐਨ. ਐਮ. ਐਮ. ਐੱਸ. ਪ੍ਰੀਖਿਆ ਸਫਲਤਾ ਪੂਰਵਕ ਪਾਸ ਕਰਕੇ ਮਹੱਤਵਪੂਰਨ ਉਪਲਬਧੀ ਹਾਸਿਲ ਕੀਤੀ ਹੈ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਦੇ ਖੇਤਰ ਵਿਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਵਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਵਿਦਿਆਰਥਣ ਨੂੰ 2100 ਰੁਪਏ ਭੇਟ ਕੀਤੇ ਗਏ | ਇਸ ਮੌਕੇ ਸਕੂਲ ਇੰਚਾਰਜ ਸੀਮਾ ਦੇਵੀ, ਨਿਰਮਲਜੀਤ ਕੌਰ ਭੁੱਲਰ, ਜੀਵਨ ਜੋਤੀ, ਪਰਵਿੰਦਰ ਕੌਰ, ਪ੍ਰਦੀਪ ਕੁਮਾਰੀ, ਮਨਜੀਤ ਸਿੰਘ, ਚੇਅਰ ਪਰਸਨ ਸਕੂਲ ਮੈਨੇਜਮੈਂਟ ਕਮੇਟੀ ਸਰੀਨਾ ਰਾਣੀ ਤੋਂ ਇਲਾਵਾ ਹੋਰ ਵੀ ਬੱਚਿਆਂ ਦੇ ਮਾਪੇ ਹਾਜ਼ਰ ਸਨ |