ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਬਾਬਾ ਭਰਥਰੀ ਦੀ ਯਾਦ ਨੂੰ ਸਮਰਪਿਤ 75ਵਾਂ ਸਾਲਾਨਾ ਭੰਡਾਰਾ ਅਤੇ ਸੰਤ ਸਮਾਗਮ ਗੁਰਦੁਆਰਾ ਦੁੱਖ ਨਿਵਾਰਣ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ ਵਿਖੇ 14 ਤੋਂ 16 ਮਈ ਤੱਕ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਹੋਈ ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਅਵਤਾਰ ਸਿੰਘ, ਐਡਵੋਕੇਟ ਭਾਈ ਹਰਗੋਪਾਲ ਸਿੰਘ ਨੇ ਦੱਸਿਆ ਕਿ 14 ਮਈ ਨੂੰ 16 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ, 15 ਮਈ ਦੀ ਰਾਤ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸੰਤ ਬਾਬਾ ਚਰਨ ਸਿੰਘ ਦੀ ਯਾਦ 'ਚ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, 16 ਮਈ ਨੂੰ ਅੰਮਿ੍ਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ ਅਤੇ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵਿਸ਼ਾਲ ਪੰਡਾਲ ਸਜਾਏ ਜਾਣਗੇ, ਜਿਨ੍ਹਾਂ 'ਚ ਪ੍ਰਸਿੱਧ ਰਾਗੀ-ਢਾਡੀ ਜਥੇ ਅਤੇ ਸੰਤ-ਮਹਾਂਪੁਰਸ਼ ਬਾਬਾ ਭਰਥਰੀ ਜੀ ਦੀ ਜੀਵਨ ਫ਼ਲਸਫ਼ੇ ਅਤੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ ਅਤੇ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਸੰਗਤਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ |