ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ | ਇਹ ਸੈਮੀਨਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ ਤੇ ਡਾ. ਨੇਹਾ ਪਾਲ ਦੀ ਦੇਖ-ਰੇਖ ਹੇਠ ਕਰਵਾਇਆ | ਇਸ ਮੌਕੇ ਡਾ. ਰਣਜੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਕਪਿਲ ਡੋਗਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸੈਮੀਨਾਰ 'ਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਸਿਹਤ ਕਰਮਚਾਰੀਆਂ, ਨਰਸਿੰਗ ਸਟਾਫ਼ ਅਤੇ ਆਮ ਲੋਕਾਂ ਨੇ ਭਾਗ ਲਿਆ | ਇਸ ਦੌਰਾਨ ਹਾਈਪਰਟੈਂਸ਼ਨ ਜਾਂ ਉੱਚ ਰਕਤਚਾਪ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮਾਹਿਰ ਡਾਕਟਰਾਂ ਨੇ ਕਿਹਾ ਕਿ ਇਹ ਇਕ ਅਜਿਹੀ ਬਿਮਾਰੀ ਹੈ ਜੋ ਬਿਨਾਂ ਕਿਸੇ ਵੱਡੇ ਲੱਛਣ ਦੇ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ | ਇਸ ਕਰਕੇ ਇਸ ਨੂੰ 'ਸਾਇਲੈਂਟ ਕਿਲਰ' ਕਿਹਾ ਜਾਂਦਾ ਹੈ | ਡਾ. ਰਣਜੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉੱਚ ਰਕਤਚਾਪ ਇੱਕ ਗੰਭੀਰ ਸਿਹਤ ਸਮੱਸਿਆ ਹੈ ਪਰ ਸਹੀ ਜੀਵਨ ਸ਼ੈਲੀ ਤੇ ਨਿਯਮਿਤ ਜਾਂਚ ਰਾਹੀਂ ਇਸ ਤੋਂ ਬਚਾਅ ਸੰਭਵ ਹੈ | ਡਾ. ਜਤਿੰਦਰ ਭਾਟੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜਕੱਲ੍ਹ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਹ ਸਿਹਤਮੰਦ ਖ਼ੁਰਾਕ ਲੈ ਰਹੇ ਹਨ ਪਰ ਅਸਲ ਵਿਚ ਗਲਤ ਅਤੇ ਅਤਿਅਧਿਕ ਖਾਣ-ਪੀਣ ਦੀਆਂ ਆਦਤਾਂ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾ ਰਹੀਆਂ ਹਨ | ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਨੇ ਕਿਹਾ ਕਿ ਫਾਸਟ ਫੂਡ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ, ਸਰੀਰਕ ਕਸਰਤ ਦੀ ਘਾਟ ਤੇ ਮਾਨਸਿਕ ਤਣਾਅ ਹਾਈਪਰਟੈਂਸ਼ਨ ਦੇ ਮੁੱਖ ਕਾਰਨ ਹਨ | ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ਤੇ ਆਪਣੀ ਸਿਹਤ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ | ਇਸ ਦੌਰਾਨ ਡਾ. ਮਹਿਕ ਤੇ ਹੋਰ ਡਾਕਟਰਾਂ ਵਲੋਂ ਹਾਜ਼ਰ ਲੋਕਾਂ ਦੀ ਮੁਫ਼ਤ ਮੈਡੀਕਲ ਜਾਂਚ ਵੀ ਕੀਤੀ ਗਈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਡਿਪਟੀ ਮਾਸ ਮੀਡੀਆ ਅਫ਼ਸਰ ਬਲਵੀਰ ਕੌਰ, ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਸ਼ਰਮਾ, ਸਟਾਫ਼ ਨਰਸ ਨੀਲਮ, ਹਰਪ੍ਰੀਤ ਕੌਰ ਸਮੇਤ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ |