ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਡੇਂਗੂ ਰੋਕਥਾਮ ਤੇ ਜਾਗਰੂਕਤਾ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਸਥਾਨਕ ਡਿਜੀਟਲ ਲਾਇਬ੍ਰੇਰੀ ਵਿਖੇ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ, ਜਿਸ 'ਚ ਵਿਚ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਰੈੱਡ ਕਰਾਸ ਨਾਲ ਜੁੜੇ ਵਲੰਟੀਅਰਾਂ ਨੂੰ ਘਰ-ਘਰ ਜਾ ਕੇ ਡੇਂਗੂ ਜਾਗਰੂਕਤਾ ਅਤੇ ਸਰਵੇ ਮੁਹਿੰਮ ਚਲਾਉਣ ਸੰਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਗਈ | ਟ੍ਰੇਨਿੰਗ ਦੌਰਾਨ ਵਲੰਟੀਅਰਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ, ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਆਉਂਦੇ ਦਿਨਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ | ਟ੍ਰੇਨਿੰਗ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਜਗਦੀਪ ਨੇ ਕਿਹਾ ਕਿ ਡੇਂਗੂ ਵਰਗੀਆਂ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਸਾਰਿਆਂ ਦੀ ਜ਼ਿੰਮੇਵਾਰੀ ਨਾਲ ਸ਼ਮੂਲੀਅਤ ਜ਼ਰੂਰੀ ਹੈ |