ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਫ਼ਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਦੇ ਦਫ਼ਤਰ ਟਾਊਨ ਹਾਲ ਕਮੇਟੀ ਬਾਜ਼ਾਰ ਵਿਖੇ ਮੀਟਿੰਗ ਹੋਈ, ਜਿਸ 'ਚ ਸਫ਼ਾਈ ਮੇਟ ਤੇ ਯੂਨੀਅਨ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਫ਼ਾਈ ਮੇਟਾਂ ਤੇ ਯੂਨੀਅਨ ਦੇ ਪ੍ਰਧਾਨ ਅਤੇ ਮੈਂਬਰਾਂ ਵਲੋਂ ਫ਼ੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ 'ਚ ਸੋਧ ਨਹੀਂ ਕਰਦੀ ਤੇ ਮੁਲਾਜ਼ਮ-ਪੱਖੀ ਫ਼ੈਸਲਾ ਨਹੀਂ ਕਰਦੀ ਅਤੇ ਮੰਗਾਂ ਦੇ ਹੱਲ ਲਈ ਫ਼ੈਸਲਾ ਲੈਣ 'ਚ ਦੇਰੀ ਕਰਦੀ ਹੈ ਤਾਂ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਰੋਸ ਮੁਜ਼ਾਹਰੇ ਚੌਕਾਂ/ਸੜਕਾਂ 'ਤੇ ਕੀਤੇ ਜਾਣਗੇ | ਆਗੂਆਂ ਨੇ ਕਿਹਾ ਕਿ ਇਹ ਲੜਾਈ ਹਰ ਉਸ ਮੁਲਾਜ਼ਮ ਲਈ ਹੈ ਜੋ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਸ਼ਿਕਾਰ ਹੈ | ਇਸ ਸੰਘਰਸ਼ 'ਚ ਜੇਕਰ ਸ਼ਹਿਰ 'ਚ ਕੋਈ ਬਿਮਾਰੀ ਫੈਲਦੀ ਹੈ ਜਾਂ ਮਹਾਂਮਾਰੀ ਫੈਲਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਪ੍ਰਧਾਨ ਕਰਨਜੋਤ ਆਦੀਆ, ਉਪ ਪ੍ਰਧਾਨ ਸੋਮਨਾਥ ਆਦੀਆ, ਉਪ ਪ੍ਰਧਾਨ ਵਿਕਰਮਜੀਤ, ਬਲਰਾਮ ਭੱਟੀ, ਹੀਰਾ ਲਾਲ, ਜੈ ਗੋਪਾਲ, ਅਸ਼ਵਨੀ ਕੁਮਾਰ ਗਿੱਲ, ਹਰਵਿਲਾਸ, ਵਿੱਕੀ, ਪ੍ਰਦੀਪ ਕੁਮਾਰ, ਰੋਹਿਤ ਹੰਸ, ਰਜਿੰਦਰ ਨਾਹਰ, ਨਰਾਇਣ ਗੁਪਤਾ, ਰਿੱਕੀ, ਮਨੂੰ ਵਰਮਾ, ਅਸ਼ੋਕ ਹੰਸ, ਵਰਿੰਦਰ ਸ਼ਰਮਾ, ਨਵੀਨ ਕੁਮਾਰ ਆਦਿ ਨੇ ਸੰਬੋਧਨ ਕੀਤਾ |