ਟਾਂਡਾ ਉੜਮੁੜ, 16 ਮਈ (ਭਗਵਾਨ ਸਿੰਘ ਸੈਣੀ)- ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਬਾ ਹਰਪ੍ਰੀਤ ਸਿੰਘ ਅਤੇ ਬਾਬਾ ਕੁਲਦੀਪ ਸਿੰਘ ਦੀ ਦੇਖ-ਰੇਖ ਵਿਚ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਜਿਸ ਵਿਚ ਦੇਸ਼-ਦੁਨੀਆ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੀ ਭਲਾਈ ਦੀ ਕਾਮਨਾ ਕੀਤੀ ਗਈ | ਦਿਨ ਭਰ ਚੱਲੇ ਖੁੱਲ੍ਹੇ ਦੀਵਾਨਾ ਦੌਰਾਨ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਪ੍ਰਸਿੱਧ ਰਾਗੀ ਜਥਿਆਂ ਨੇ ਹਾਜ਼ਰੀ ਭਰੀ | ਇਸ ਮੌਕੇ ਬਾਬਾ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਕੁਲਵਿੰਦਰ ਸਿੰਘ ਕੰਗਮਈ ਸਮੇਤ ਹੋਰ ਰਾਗੀ ਢਾਡੀ ਜਥਿਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦੌਰਾਨ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਗੁਰਬਾਣੀ ਦਾ ਰਸ ਮਾਣਦੀਆਂ ਰਹੀਆਂ | ਸਮਾਗਮ ਦੇ ਅੰਤ ਵਿਚ ਬਾਬਾ ਕੁਲਦੀਪ ਸਿੰਘ ਅਤੇ ਬਾਬਾ ਹਰਪ੍ਰੀਤ ਸਿੰਘ ਵਲੋਂ ਸਮਾਗਮ ਵਿਚ ਪਹੁੰਚੀਆਂ ਮਾਣਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਦੇ ਨਾਲ ਹੀ ਦੂਰ-ਦਰਾਜ ਤੋਂ ਆਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਗੁਰਦੁਆਰਾ ਸਾਹਿਬ ਵਿਚ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਟੱਲ ਵਰਤਾਇਆ ਗਿਆ, ਜਿਸ ਵਿਚ ਹਰ ਵਰਗ ਦੇ ਲੋਕਾਂ ਨੇ ਬਿਨਾ ਕਿਸੇ ਭੇਦਭਾਵ ਦੇ ਬੈਠ ਕੇ ਲੰਗਰ ਛਕਿਆ | ਇਸ ਮੌਕੇ ਭਾਰੀ ਗਿਣਤੀ ਵਿਚ ਦੂਰ ਦੁਰਾਡੇ ਤੋਂ ਆਈਆਂ ਹੋਈਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ | ਇਸ ਮੌਕੇ ਵੇਵਜ਼ ਹਸਪਤਾਲ ਟਾਂਡਾ ਦੀ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਕਰੀਬ 100 ਵਿਅਕਤੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ |