ਹਾਜੀਪੁਰ, 21 ਮਈ (ਜੋਗਿੰਦਰ ਸਿੰਘ)- ਪਿੰਡ ਸਵਾਰ ਵਿਖੇ ਵਸ਼ਿਸ਼ਟ ਗੋਤਰ ਅਤੇ ਮੱਕੜੇ ਵੰਸ਼ਾਵਲੀ ਬ੍ਰਾਹਮਣ ਸਮਾਜ ਦੀ ਕੁਲ ਦੇਵੀ ਦਾ ਸਲਾਨਾ ਸਮਾਗਮ ਬੜੇ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ ਸੁੰਦਰ ਕਾਂਡ ਦੇ ਪਾਠ, ਹਵਨ ਜੱਗ, ਝੰਡੇ ਦੀ ਰਸਮ, ਭਜਨ ਕੀਰਤਨ ਉਪਰੰਤ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਕਾਂਗੜੀ ਭੋਜਨ ਦਾ ਮਾਤਾ ਜੀ ਨੂੰ ਭੋਗ ਲਗਾ ਕੇ ਸੰਗਤਾਂ ਵਿਚ ਵੰਡਿਆ ਗਿਆ | ਲੰਗਰ ਦੇਰ ਸ਼ਾਮ ਤੱਕ ਚੱਲਦਾ ਰਿਹਾ ਜਿਸ ਵਿਚ ਜਲੇਬੀ, ਖੀਰ ਆਦਿ ਮਿਸ਼ਠਾਨ ਦੇ ਲੰਗਰ ਲਗਾਏ ਗਏ | ਦੂਰੋਂ ਦੂਰੋਂ ਆਈਆਂ ਸੰਗਤਾਂ ਜਿਵੇਂ ਜਲੰਧਰ, ਪਠਾਨਕੋਟ, ਰੋਪੜ, ਜੰਮੂ, ਕਠੂਆ, ਗੜ੍ਹਦੀਵਾਲਾ, ਚੰਡੀਗੜ੍ਹ, ਦਸੂਹਾ, ਹਾਜੀਪੁਰ, ਤਲਵਾੜਾ, ਭਵਨਾਲ, ਬਰੋਟਾ ਅਤੇ ਸਵਾਰ ਆਦਿ ਤੋਂ ਹੁਮ ਹੁਮਾ ਕੇ ਸੰਗਤਾਂ ਪਹੁੰਚੀਆਂ ਅਤੇ ਕੁੱਲ ਦੇਵੀ ਦੇ ਦਰਸ਼ਨ ਕਰਕੇ ਧਨ ਹੋਏ | ਠੰਢੇ ਮਿੱਠੇ ਅਤੇ ਸ਼ੀਤਲ ਜਲ ਦੀ ਪੂਰੀ ਵਿਵਸਥਾ ਕੀਤੀ ਗਈ ਸੀ | ਮੰਦਰ ਕਮੇਟੀ ਦੇ ਪ੍ਰਧਾਨ ਸੂਬੇਦਾਰ ਮੇਜਰ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਗਤ ਦੀ ਹਾਜ਼ਰੀ ਨੂੰ ਦੇਖਦੇ ਹੋਏ ਵਾਧੂ ਪ੍ਰਬੰਧ ਕੀਤੇ ਗਏ ਸਨ | ਲੇਖਾਕਾਰ ਵਿਨੈ ਸ਼ਰਮਾ ਨੇ ਸਲਾਨਾ ਰਿਪੋਰਟ ਪੜ੍ਹੀ | ਮਾਸਟਰ ਧਰਮਪਾਲ ਸ਼ਰਮਾ ਅਤੇ ਪਦਮ ਦੇਵ ਵਸ਼ਿਸ਼ਟ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣ ਗਾਣ ਕਰਦੇ ਹੋਏ ਕਿਹਾ ਕਿ ਇਹ ਸਲਾਨਾ ਪ੍ਰੋਗਰਾਮ ਜੇਠ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੁੰਦਾ ਹੈ | ਮੰਚ ਸੰਚਾਲਨ ਦੀ ਰਸਮ ਪੱਤਰਕਾਰ ਸੁਦਰਸ਼ਨ ਵਸ਼ਿਸ਼ਟ ਨੇ ਕੀਤੀ |