ਤਲਵਾੜਾ, 25 ਮਈ (ਮਨੀਸ਼ਾ ਮਹਿਤਾ)-ਪਾਵਰਕਾਮ ਮੈਨੇਜਮੈਂਟ ਵਲੋਂ ਬਿਜਲੀ ਸਪਲਾਈ ਸੁਚਾਰੂ ਬਣਾਉਣ ਲਈ ਮੁਲਾਜ਼ਮਾਂ ਦੀ ਘਾਟ ਤੇ ਸਾਜੋ ਸਾਮਾਨ ਦੀ ਘਾਟ ਦੂਰ ਕਰਨ ਦੀ ਥਾਂ ਬਿਜਲੀ ਮੁਲਾਜ਼ਮਾਂ 'ਤੇ ਥੋਪੇ ਜਾ ਰਹੇ ਤਾਨਾਸ਼ਾਹੀ ਹੁਕਮਾਂ ਖ਼ਿਲਾਫ਼ ਜੁਆਇੰਟ ਫੋਰਮ ਦੇ ਸੱਦੇ 'ਤੇ ਉਪ ਮੰਡਲ ਦਾਤਾਰਪੁਰ ਵਿਖੇ ਗੇਟ ਰੈਲੀ ਕੀਤੀ ਗਈ | ਇੰਪਲਾਈਜ਼ ਫੈਡਰੇਸ਼ਨ ਦੇ ਉਪ ਮੰਡਲ ਪ੍ਰਧਾਨ ਵਿਨੋਦ ਕੁਮਾਰ ਤੇ ਟੀ. ਐਸ. ਯੂ. ਦੇ ਸਕੱਤਰ ਗਣੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ 'ਚ ਟੈਕਨੀਕਲ ਸਰਵਿਸ਼ਜ ਯੂਨੀਅਨ (ਟੀ. ਐਸ. ਯੂ.) ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ | ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਮਸਲਿਆਂ ਨੂੰ ਨਿਬੇੜਨ ਦੀ ਬਜਾਏ ਟਕਰਾਅ ਦੀ ਨੀਤੀ ਤੇ ਚੱਲ ਕੇ ਫ਼ੀਲਡ ਵਿਚ ਪਹਿਲਾਂ ਹੀ ਕੰਮ ਦੇ ਬੋਝ ਹੇਠ ਦੱਬੇ ਬਿਜਲੀ ਕਾਮਿਆਂ ਨੂੰ ਹਰਾਸਮੈਂਟ ਕਰਨ ਦੀ ਨੀਤੀ 'ਤੇ ਚੱਲ ਪਈ ਹੈ ਅਤੇ ਮੁਲਾਜ਼ਮਾਂ 'ਤੇ ਤਾਨਾਸ਼ਾਹੀ ਹੁਕਮ ਚਾੜ੍ਹੇ ਜਾ ਰਹੇ ਹਨ | ਫ਼ੀਲਡ ਵਿਚ ਕਰਮਚਾਰੀਆਂ ਨੂੰ ਮੋਬਾਈਲ ਫ਼ੋਨ ਜਬਰੀ ਦੇਣ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ | ਆਗੂਆਂ ਨੇ ਸੱਦਾ ਦਿੱਤਾ ਕਿ ਵਰਕ ਟੂ ਰੂਲ ਨੂੰ ਪੂਰੀ ਮਜ਼ਬੂਤੀ ਦੇ ਨਾਲ ਫ਼ੀਲਡ ਵਿਚ ਲਾਗੂ ਕੀਤਾ ਜਾਵੇ, ਸੱਤ ਜੂਨ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਰੋਸ ਪ੍ਰਦਰਸ਼ਨ ਕਰਨ ਅਤੇ 16 ਅਤੇ 17 ਜੂਨ ਦੀ ਦੋ ਰੋਜ਼ਾ ਮੁਕੰਮਲ ਹੜਤਾਲ ਕਰਨ ਦੀ ਤਿਆਰੀ ਕੀਤੀ ਜਾਵੇ | ਮੁਲਾਜ਼ਮਾਂ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਤਾਨਾਸ਼ਾਹੀ ਹੁਕਮ ਵਾਪਸ ਨਾ ਲਏ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਜੂਨੀਅਰ ਇੰਜੀਨੀਅਰ ਕਮਲ ਕਿਸ਼ੋਰ, ਇੰਜੀਨੀਅਰ ਰਾਮ ਅਵਤਾਰ, ਇੰਜੀਨੀਅਰ ਕਿ੍ਸ਼ਨ ਕੁਮਾਰ, ਸਤੀਸ਼ ਕੁਮਾਰ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਕੇਵਲ ਸਿੰਘ, ਮੁਨੀਸ਼ ਕੁਮਾਰ, ਦਵਿੰਦਰ ਬਿੰਦੂ, ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ |