ਮੁਕੇਰੀਆਂ, 7 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਹੇਠ 1 ਮਈ ਤੋਂ 30 ਮਈ ਤੱਕ ਵਿਦਿਆਰਥਣਾਂ ਦੇ ਹੁਨਰ ਵਿਕਾਸ ਅਤੇ ਰੁਜ਼ਗਾਰ ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਮਹੀਨੇ ਦੇ ਸ਼ਾਰਟ ਟਰਮ ਕੋਰਸਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ | ਇਸ ਦੌਰਾਨ ਸਪੋਕਨ ਇੰਗਲਿਸ਼, ਫ਼ੈਸ਼ਨ ਡਿਜ਼ਾਇਨਿੰਗ, ਟੈਲੀ, ਬੇਸਿਕ ਕੰਪਿਊਟਰ, ਮਿਊਜ਼ਿਕ, ਬਿਊਟੀ ਅਤੇ ਵੈੱਲਨੈੱਸ ਦੇ ਕੋਰਸ ਚਲਾਏ ਗਏ | ਇਨ੍ਹਾਂ ਕੋਰਸਾਂ 'ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਵਿਹਾਰਕ ਗਿਆਨ ਤੇ ਹੁਨਰ ਹਾਸਿਲ ਕੀਤੇ | ਇਨ੍ਹਾਂ ਕੋਰਸਾਂ ਦੀ ਸਮਾਪਤੀ ਮੌਕੇ ਸੰਸਥਾ ਦੇ ਮੁਖੀ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਸੰਬੋਧਨੀ ਭਾਸ਼ਨ 'ਚ ਵਿਦਿਆਰਥਣਾਂ ਨਾਲ ਰਾਸ਼ਟਰੀ ਸਿੱਖਿਆ ਨੀਤੀ 2020 'ਤੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼, ਸਿੱਖਿਆ ਨੂੰ ਵਧੇਰੇ ਲਚਕੀਲਾ, ਰੁਜ਼ਗਾਰ ਮੁਖੀ, ਹੁਨਰ-ਆਧਾਰਿਤ ਤੇ ਵਿਦਿਆਰਥੀ-ਕੇਂਦਰਿਤ ਬਣਾਉਣਾ ਹੈ | ਵਿਦਿਆਰਥਣਾਂ ਨੂੰ ਭਵਿੱਖ ਵਿਚ ਵੀ ਅਜਿਹੇ ਹੁਨਰ ਮੁਖੀ ਕੋਰਸਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਅੰਤ 'ਚ ਵਿਦਿਆਰਥਣਾਂ ਵਲੋਂ ਵੀ ਵਿਚਾਰਾਂ ਦੀ ਸਾਂਝ ਪਾਈ ਗਈ | ਅੰਤ 'ਚ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਦੌਰਾਨ ਪ੍ਰੋਗਰਾਮ ਕੋਆਰਡੀਨੇਟਰ ਡਾ. ਮਨਿੰਦਰਜੀਤ ਕੌਰ, ਇੰਚਾਰਜ ਪ੍ਰੋ. ਸਤਵੰਤ ਕੌਰ, ਡਾ. ਰੀਨਾ ਕੁਮਾਰੀ, ਡਾ. ਸੋਨੀਆ ਚੌਹਾਨ ਵੀ ਹਾਜ਼ਰ ਸਨ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਸਮੂਹ ਟਰੱਸਟ ਮੈਂਬਰਾਂ ਨੇ ਵਿਦਿਆਰਥਣਾਂ ਤੇ ਸਟਾਫ਼ ਨੂੰ ਵਧਾਈ ਦਿੱਤੀ |