ਮੁਕੇਰੀਆਂ, 11 ਜੂਨ (ਰਾਮਗੜ੍ਹੀਆ)-ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜੋ ਕਿ ਅੱਜ ਵੀ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੇ | ਨਿੱਤ ਦਿਨ ਵਧ ਰਹੇ ਤਾਪਮਾਨ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ | ਰੁੱਖ ਹਮੇਸ਼ਾ ਤੋਂ ਹੀ ਮਨੁੱਖ ਦੇ ਹਰ ਦੁੱਖ ਸੁਖ 'ਚ ਮਦਦਗਾਰ ਰਹੇ ਹਨ | ਰਾਜ ਮਾਰਗਾਂ ਨੂੰ ਚੌੜਾ ਕਰਨ ਅਤੇ ਨਿੱਜੀ ਹਿਤਾਂ ਦੀ ਪੂਰਤੀ ਲਈ ਮਨੁੱਖ ਵਲੋਂ ਲਗਾਤਾਰ ਰੁੱਖ ਕੱਟੇ ਜਾ ਰਹੇ ਹਨ ਪਰ ਉਨ੍ਹਾਂ ਦੀ ਜਗ੍ਹਾ ਨਵੇਂ ਬੂਟੇ ਨਹੀਂ ਲਗਾਏ ਜਾ ਰਹੇ | ਇਹ ਪ੍ਰਗਟਾਵਾ ਪਰਸ਼ੋਤਮ ਸਿੰਘ ਦੇਵੀਦਾਸ ਚੇਅਰਮੈਨ ਲੋਕ ਜਾਗਰੂਕਤਾ ਮੰਚ ਵਲੋਂ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਵਧ ਰਹੀ ਗਰਮੀ ਤੇ ਗਲੋਬਲ ਵਾਰਮਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਸਾਨੂੰ ਨਜਿੱਠਣ ਲਈ ਵਧੇਰੇ ਬੂਟੇ ਲਗਾਉਣਾ ਸਮੇਂ ਦੀ ਮੁੱਖ ਮੰਗ ਹੈ, ਜਿਸ ਦਾ ਫ਼ਾਇਦਾ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਸਹਾਈ ਸਿੱਧ ਹੋਵੇਗਾ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਬਰਿੰਦਰ ਸਿੰਘ ਛਾਨੀ ਹਿੰਮਤਪੁਰ, ਕੈਪਟਨ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ |