ਹੁਸ਼ਿਆਰਪੁਰ, 11 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਪੰਜਾਬ ਸਰਕਾਰ ਦੀ ਵਾਅਦਾ-ਖਿਲਾਫੀ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬੇ ਅੰਦਰ ਸਾਂਝਾ ਸੰਘਰਸ਼ ਕਰਨ ਲਈ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ ਤੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਉਲੀਕੇ ਗਏ ਸੰਘਰਸ਼ ਤਹਿਤ ਸਾਂਝਾ ਫ਼ਰੰਟ ਹੁਸ਼ਿਆਰਪੁਰ ਦੇ ਆਗੂਆਂ ਕੁਲਵੰਤ ਸਿੰਘ ਸੈਣੀ, ਮੱਖਣ ਸਿੰਘ ਵਾਹਿਦਪੁਰੀ, ਨਰਿੰਦਰ ਸਿੰਘ ਗੋਲੀ, ਮੁਕੇਸ਼ ਗੁਜਰਾਤੀ, ਅਨੀਰੁੱਧ ਮੋਗਗਿੱਲ, ਮਨਜੀਤ ਸਿੰਘ ਸੈਣੀ, ਉਂਕਾਰ ਸਿੰਘ, ਪ੍ਰਵੇਸ਼ ਕੁਮਾਰ, ਸੰਜੀਵ ਧੂਤ, ਜਤਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਵਿਸ਼ਾਲ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਗਈ ਜਿਸ ‘ਚ ਜ਼ਿਲ੍ਹੇ ‘ਚੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਂਝੀ ਤਾਲਮੇਲ ਕਮੇਟੀ ਦੇ ਸੂਬਾ ਆਗੂ ਸਤੀਸ਼ ਰਾਣਾ, ਜਸਵੀਰ ਤਲਵਾੜਾ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੋਈ ਵੀ ਮੰਗ ਨੂੰ ਹੱਲ ਨਹੀਂ ਕੀਤਾ ਹੈ, ਸਗੋਂ ਮਹਿੰਗਾਈ ਭੱਤਾ ਨਾ ਦੇਣ ਸਬੰਧੀ ਕੋਟ ‘ਚ ਝੂਠੇ ਦਸਤਾਵੇਜ਼ ਪੇਸ਼ ਕੀਤੇ ਜਾ ਰਹੇ ਹਨ, ਆਪਣੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕਰਵਾ ਕੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਸਟੇਜ ਸਕੱਤਰ ਦੀ ਭੂਮਿਕਾ ਇੰਦਰਜੀਤ ਵਿਰਦੀ ਵਲੋਂ ਨਿਭਾਈ ਗਈ। ਇਸ ਮੌਕੇ ਬਹਾਦਰ ਸਿੰਘ, ਜੈਲ ਸਿੰਘ, ਮੱਖਣ ਸਿੰਘ ਲੰਗੇਰੀ, ਸੁਖਦੇਵ ਡਾਂਸੀਵਾਲ, ਮਨੋਹਰ ਸਿੰਘ ਸੈਣੀ, ਅਮਰੀਕ ਸਿੰਘ, ਵਿਕਾਸ ਸ਼ਰਮਾ, ਜਸਵੀਰ ਸਿੰਘ ਭਾਮ, ਹਰਕਮਲ ਰਾਹੀ, ਬਲਵਿੰਦਰ ਸਿੰਘ ਗਿੱਲ, ਸੋਮ ਨਾਥ ਆਦੀਆ, ਦੀਪਕ ਤ੍ਰੇਹਨ ਨੇ ਕਿਹਾ ਕਿ ਇਹ ਸੰਘਰਸ਼ 18 ਫ਼ੀਸਦੀ ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਤੇ ਮਾਣ ਭੱਤਾ/ਇੰਨਸੈਂਟਿਵ ਮੁਲਾਜ਼ਮਾਂ ਤੇ ਘੱਟੋ-ਘੱਟ ਤਨਖ਼ਾਹ ਸਕੇਲ ਲਾਗੂ ਕਰਾਉਣ, ਪ੍ਰੋਬੇਸ਼ਨਲ ਪੀਰੀਅਡ ਪੂਰੀ ਤਨਖ਼ਾਹ ਸਮੇਤ ਇਕ ਸਾਲ ਕਰਵਾਉਣ ਆਦਿ ਮੰਗਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ। ਕਨਵੈੱਨਸ਼ਨ ਉਪਰੰਤ ਰੋਸ ਮਾਰਚ ਕੱਢਿਆ ਗਿਆ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਰਿਹਾਇਸ਼ ਦਾ ਘਿਰਾਓ ਕਰਦਿਆਂ ਉਨ੍ਹਾਂ ਨੂੰ ਚੇਤਾਵਨੀ ਪੱਤਰ ਸੌਂਪਿਆ ਗਿਆ।