ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਰੇਲਵੇ ਫਾਟਕ ਲੱਗਣ ਉਪਰੰਤ ਜਲਦ ਖੁੱਲ੍ਹੇਗਾ ਗੜ੍ਹਸ਼ੰਕਰ ਦਾ ‘ਮਿੰਨੀ ਬਾਈਪਾਸ’- ਖੰਨਾ

Ad Position 21
No active advertisement
ਅਜੀਤ ਡੈਸਕ 12-07-2026
ਗੜ੍ਹਸ਼ੰਕਰ, 11 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਦੀ ਵੱਡੀ ਟ੍ਰੈਫਿਕ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਮੰਤਵ ਨਾਲ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਗੜ੍ਹਸ਼ੰਕਰ ਵਿਖੇ ਨਵਾਂਸ਼ਹਿਰ-ਬੰਗਾ ਸੜਕ ਵਿਚਕਾਰ ਨਹਿਰ ਦੁਆਲੇ 2 ਰਸਤੇ ਚਾਲੂ ਕਰਕੇ ਤਿਆਰ ਕੀਤਾ ਗਿਆ ਮਿੰਨੀ ਬਾਈਪਾਸ ਹੁਣ ਮੁੜ ਚਾਲੂ ਹੋਣ ਦੀ ਆਸ ਬੱਝ ਗਈ ਹੈ। ਲੰਘੇ ਫਰਵਰੀ ਮਹੀਨੇ ਵਿਚ ਸੰਤ ਬਾਬਾ ਸਤਨਾਮ ਸਿੰਘ ਵਲੋਂ ਦਿਨ ਰਾਤ ਇਕ ਕਰਕੇ ਚਾਲੂ ਕਰਵਾਇਆ ਮਿੰਨੀ ਬਾਈਪਾਸ ਹੋਲੇ ਮਹੱਲੇ ਦੇ ਜੋੜ ਮੇਲੇ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਰਸਤੇ ਵਿਚੋਂ ਰੇਲਵੇ ਲਾਈਨ ਲੰਘਦੀ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਫਾਟਕ ਲੱਗਣ ਉਪਰੰਤ ਗੜ੍ਹਸ਼ੰਕਰ ਦਾ ਮਿੰਨੀ ਬਾਈਪਾਸ ਜਲਦ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਦੇ ਨਿਪਟਾਰੇ ਲਈ ਕਾਰ ਸੇਵਾ ਵਾਲੇ ਸੰਤਾਂ ਵਲੋਂ ਵੱਡਾ ਕਾਰਜ ਕੀਤਾ ਗਿਆ ਸੀ ਪਰ ਇਸ ਰਸਤੇ ਵਿਚ ਰੇਲਵੇ ਲਾਈਨ ਹੋਣ ਕਾਰਨ ਇਸ ਰਸਤੇ ਨੂੰ ਰੇਲਵੇ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਮਸਲੇ ਨੂੰ ਸੁਲਝਾਉਣ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਲੈ ਕੇ ਰੇਲਵੇ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮਾਮਲਾ ਧਿਆਨ ਵਿਚ ਲਿਆਉਂਦੇ ਹੋਏ ਡਵੀਜ਼ਨਲ ਰੇਲਵੇ ਮੈਨੇਜਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਦੌਰਾਨ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋੜੀਂਦੀਆਂ ਐਨ.ਓ.ਸੀ. ਜਮਾਂ ਕਰਵਾਉਣ ਉਪਰੰਤ ਇਸ ਸੜਕ ’ਤੇ ਰੇਲਵੇ ਫਾਟਕ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਇੱਥੇ ਲਿੰਕ ਸੜਕ ’ਤੇ ਪਹਿਲਾ ਤੋਂ ਤਾਇਨਾਤ ਰੇਲਵੇ ਮੁਲਾਜ਼ਮ ਨਵੇਂ ਬਣਨ ਵਾਲੇ ਰੇਲਵੇ ਫਾਟਕ ’ਤੇ ਵੀ ਡਿਊਟੀ ਨਿਭਾਏਗਾ। ਖੰਨਾ ਨੇ ਦੱਸਿਆ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਣ ਤੋਂ ਬਾਅਦ ਵੱਖ-ਵੱਖ ਵਿਭਾਗਾਂ ਤੱਕ ਪਹੁੰਚ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਮਿੰਨੀ ਬਾਈਪਾਸ ਲਈ ਜਿਸ ਸੜਕ ਦੀ ਵਰਤੋਂ ਕੀਤੀ ਗਈ ਹੈ ਉਹ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਤੋਂ ਸੜਕ ਬਣਾਉਣ ਸਬੰਧੀ ਕੁੱਝ ਦਿਨਾਂ ਵਿਚ ਹੀ ਐਨ.ਓ.ਸੀ. ਮਿਲਣ ਦੀ ਆਸ ਹੈ। ਖੰਨਾ ਨੇ ਕਿਹਾ ਕਿ ਐਨ.ਓ.ਸੀ. ਮਿਲਣ ਉਪਰੰਤ ਅਗਰ ਸਰਕਾਰ ਵਲੋਂ ਮਿੰਨੀ ਬਾਈਪਾਸ ਦੀ ਸੜਕ ਬਣਵਾ ਕੇ ਦਿੱਤੀ ਜਾਂਦੀ ਹੈ ਤਾਂ ਚੰਗਾ ਹੋਵੇਗਾ, ਨਹੀਂ ਤਾਂ ਸੜਕ ਬਣਵਾਉਣ ਲਈ ਕਾਰ ਸੇਵਾ ਵਾਲੇ ਸੰਤਾਂ ਨੂੰ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਮਿੰਨੀ ਬਾਈਪਾਸ ਮੁੜ ਤੋਂ ਚਾਲੂ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਜਲਦ ਹੀ ਲੋਕਾਂ ਦੀ ਮੰਗ ਪੂਰੀ ਹੋਵੇਗੀ ਤੇ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਸ਼ਰਮਾ, ਠੇਕੇਦਾਰ ਭਜਨ ਸਿੰਘ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਰਾਘਵ ਸ਼ਰਮਾ, ਡਾ. ਸੋਨੀ ਬੋੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਨੇਤਾ ਮਨੀਸ਼ ਚੱਢਾ ਨੇ ਕੀਤੀ ਭੁਪੇਸ਼ ਬਘੇਲ ਨਾਲ ਮੁਲਾਕਾਤ ਅਗਲੀ ਖ਼ਬਰ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਨਮਾਨ ’ਚ ਸਵਾਗਤੀ ਸਮਾਗਮ ਕਰਵਾਇਆ
Ad Position 24
No active advertisement