ਅੱਡਾ ਸਰਾਂ, 18 ਜੁਲਾਈ (ਹਰਜਿੰਦਰ ਸਿੰਘ ਮਸੀਤੀ)- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰ. ਕੁਲਵੀਰ ਸਿੰਘ ਦੀ ਅਗਵਾਈ ਵਿਚ ਗਤੀਵਿਧੀਆਂ ਦਿਵਸ ਮਨਾਇਆ ਗਿਆ। ਹੈਰੀਟੇਜ ਕਲੱਬ ਵੱਲੋਂ ਵਿਦਿਆਰਥੀਆਂ ਲਈ ਪਗੜੀ ਬੰਨ੍ਹਣ ਲਈ ਟਰੇਨਿੰਗ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਮਾਹਿਰ ਟਰੇਨਰ ਵੱਲੋਂ ਬੱਚਿਆਂ ਨੂੰ ਬਾਰੀਕੀ ਨਾਲ ਪਗੜੀ ਬੰਨ੍ਹਣ ਦੇ ਨਿਯਮ ਸਿਖਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਪਗੜੀ ਸਿਖਲਾਈ ਕੈਂਪ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਪੱਗ ਦੀ ਮਹੱਤਤਾ ਅਤੇ ਇਸ ਦੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਰੀਡਿੰਗ ਕਲੱਬ ਨੇ ਹਿਡਨ ਵਰਡ ਚੈਲੰਜ ਗਤੀਵਿਧੀ ਕਰਵਾਈ। ਹੈਲਥ ਐਂਡ ਵੈਲਨੈਸ ਕਲੱਬ ਨੇ ਯੋਗਾ ਗਤੀਵਿਧੀ ਕਰਵਾਈ। ਸਪੋਰਟਸ ਕਲੱਬ ਨੇ ਬਾਸਕਟ ਬਾਲ ਦੇ ਮੁਕਾਬਲੇ ਕਰਵਾਏ ਤੇ ਈਕੋ ਕਲੱਬ ਨੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਪ੍ਰਿੰ. ਕੁਲਵੀਰ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਚੱਲ ਰਹੇ ਵੱਖ-ਵੱਖ ਕਲੱਬ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਮਹੀਨੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਸਾਰੇ ਹੀ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਮਾਰਸ਼ਲ ਅਤੇ ਸਰ ਮਾਰਸ਼ਲ ਸਕੂਲ ਦੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।