ਹਾਜੀਪੁਰ, 20 ਜੁਲਾਈ (ਪੁਨੀਤ ਭਾਰਦਵਾਜ)- ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਸ ਖੇਤ ਦਾ ਕੀ ਹੋਵੇਗਾ, ਕਹਾਵਤ ਹਾਜੀਪੁਰ ਤੋਂ ਪਿੰਡ ਸ਼ੇਖਾ ਮਤਾ ਸਵਾਰ ਅਤੇ ਹਾਜੀਪੁਰ ਤੋਂ ਪਿੰਡ ਜੁਗਿਆਲ ਨੂੰ ਜਾਂਦੀਆਂ ਸੜਕਾਂ ’ਤੇ ਬਣੇ ਮੁਕੇਰੀਆਂ ਹਾਈਡਜੈਕਟ ਦੇ ਪੁਲਾਂ ’ਤੇ ਬਿਲਕੁਲ ਸਹੀ ਢੁਕਦੀ ਹੈ। ਦੇਖਣ ਵਿਚ ਆਇਆ ਹੈ ਕਿ ਕੁੱਝ ਹੀ ਦਿਨ ਪਹਿਲੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਦੇ ਪੁਲਾਂ ’ਤੇ ਪਏ ਟੋਇਆਂ ਨੂੰ ਠੀਕ ਕਰਨ ਵਾਸਤੇ ਨਹਿਰ ਵਿਭਾਗ ਵਲੋਂ ਉਕਤ ਪੁਲਾਂ ’ਤੇ ਕੰਕਰੀਟ ਪਾਈ ਗਈ ਸੀ ਜਿਸ ਦਾ ਮਕਸਦ ਇਹ ਸੀ ਕਿ ਪੁਲ ਦੇ ’ਤੇ ਪਾਣੀ ਨਾ ਖੜਾ ਹੋਵੇ ਅਤੇ ਆਮ ਜਨਤਾ ਨੂੰ ਲੰਘਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁੱਝ ਦਿਨ ਪਹਿਲਾਂ ਵਿਭਾਗ ਵਲੋਂ ਪਾਈ ਗਈ ਇਨ੍ਹਾਂ ਪੁਲਾਂ ਦੀ ਕੰਕਰੀਟ ਇੱਕ ਦੋ ਮੀਹਾਂ ਤੋਂ ਪਹਿਲਾਂ ਹੀ ਖ਼ਤਮ ਹੋ ਗਈ ਅਤੇ ਰੇਤਾ ਬਜਰੀ ਹੀ ਰਹਿ ਗਈ। ਦੇਖਣ ਵਿਚ ਆਇਆ ਹੈ ਕਿ ਉਸ ਪੁਲਾਂ ਦੇ ਉੱਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਦੱਸਦੇ ਚੱਲੀਏ ਕਿ ਜਦੋਂ ਵਿਭਾਗ ਵਲੋਂ ਇਨ੍ਹਾਂ ਪੁਲਾਂ ਦੇ ਉੱਪਰ ਕੰਕਰੀਟ ਦਾ ਕੰਮ ਕਰਵਾਇਆ ਜਾ ਰਿਹਾ ਸੀ ਤਾਂ ਕਈ ਕਈ ਦਿਨ ਇਨ੍ਹਾਂ ਪੁਲਾਂ ਤੇ ਆਵਾਜਾਈ ਨੂੰ ਬੰਦ ਕੀਤਾ ਗਿਆ ਸੀ। ਉਕਤ ਪੁਲਾਂ ਤੇ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਜੋ ਕੰਕਰੀਟ ਵਿਭਾਗ ਨੇ ਪਾਈ ਸੀ ਉਸ ਨੂੰ ਝਾੜੂ ਨਾਲ ਇਕੱਠੀ ਕੀਤਾ ਜਾ ਸਕਦਾ ਹੈ। ਇੱਥੇ ਦੱਸਣਾ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਹਜੇ ਤੱਕ ਹਾਜੀਪੁਰ ਖੇਤਰ ਦੇ ਵਿਚ ਇੱਕ ਦੋ ਮੀਂਹ ਹੀ ਪਏ ਹਨ ਜੇਕਰ ਜ਼ਿਆਦਾ ਮੀਂਹ ਪੈ ਜਾਂਦੇ ਹਨ ਤਾਂ ਇੱਥੇ ਰੇਤਾ ਬਜਰੀ ਵੀ ਦਿਖਾਈ ਨਹੀਂ ਦੇਣੀ ਸੀ। ਉਕਤ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਕੰਕਰੀਟ ਪਾਣ ਦੇ ਵੇਲੇ ਸੀਮੇਂਟ ਪਾਇਆ ਹੀ ਨਹੀਂ ਜੇਕਰ ਸੀਮੈਂਟ ਪਾਇਆ ਹੁੰਦਾ ਤਾਂ ਕੁੱਝ ਹੀ ਦਿਨਾਂ ਵਿਚ ਇਸ ਦਾ ਹਾਲ ਇਹੋ ਜਿਹਾ ਨਹੀਂ ਹੁੰਦਾ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੁਲਾਂ ਦੇ ਉੱਤੇ ਰੇਤਾ ਬਜਰੀ ਦੇ ਕਾਰਨ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਜੇ ਇਹੋ ਜਿਹਾ ਕੰਮ ਹੀ ਕਰਾਉਣਾ ਸੀ ਇਸ ਤੋਂ ਚੰਗਾ ਨਾਂ ਹੀ ਕਰਵਾਉਂਦੇ ਘੱਟੋ-ਘੱਟ ਸਰਕਾਰ ਦੇ ਪੈਸੇ ਤਾਂ ਬਚ ਜਾਂਦੇ। ਇਸ ਸਬੰਧ ਵਿਚ ਜਦੋਂ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੇ ਐਸ.ਡੀ.ਓ. ਸਟੈਲਨ ਪ੍ਰੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ’ਤੇ ਪਲਾਂਟ ਤੋਂ ਲਿਆ ਕੇ ਮਿਕਸਚਰ ਪਾਇਆ ਸੀ, ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ, ਇਸ ਨੂੰ ਦੁਬਾਰਾ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਕਿਹੜੇ ਚੱਕਰ ਵਿਚ ਪਏ ਹੋਏ ਹੋ ਮੈਂ ਇਸ ਦੀ ਆਪਣੇ ਆਪ ਇਨਕੁਆਰੀ ਕਰਵਾ ਲਵਾਂਗਾ।
ਜੁਗਿਆਲ-ਹਾਜੀਪੁਰ ਸੜਕ ’ਤੇ ਬਣੇ ਪੁਲ ਦੀ ਹਾਲਤ ਬਣੀ ਖਸਤਾ, ਲੋਕ ਪ੍ਰੇਸ਼ਾਨ
ਅਜੀਤ ਡੈਸਕ
21-07-2026