ਹਾਜੀਪੁਰ, 25 ਜੁਲਾਈ (ਜੋਗਿੰਦਰ ਸਿੰਘ)- ਬਲਾਕ ਹਾਜੀਪੁਰ ਦੇ ਪਿੰਡਾਂ ਵਿਚ ਪਿਛਲੇ ਪੰਜ ਦਿਨਾਂ ਤੋਂ ਬਿਜਲੀ ਨਾ ਆਉਣ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਪਾਰਟੀ ਦੇ ਵਰਕਰਾਂ ਵਲੋਂ ਗੁਰੂ ਨਾਨਕ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਬਿਜਲੀ ਘਰ ਦੇ ਸਾਹਮਣੇ ਆਵਾਜਾਈ ਬੰਦ ਕਰਕੇ ਧਰਨਾ ਲਗਾਇਆ ਗਿਆ ਅਤੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨਾਕਾਰੀਆਂ ਵਲੋਂ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਸਬ-ਡਵੀਜ਼ਨ ਹਾਜੀਪੁਰ ਦੇ ਪਿੰਡਾਂ ਵਿਚ ਬਿਜਲੀ 20 ਤਾਰੀਖ਼ ਤੋਂ ਨਹੀਂ ਆ ਰਹੀ ਜਿਸ ਕਰਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਬਿਜਲੀ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ ਤੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ ਜਿਸ ਦਾ ਖ਼ਮਿਆਜ਼ਾ ਕਿਸਾਨਾਂ ਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ, ਫ਼ਸਲਾਂ ਸੁੱਕ ਰਹੀਆਂ ਹਨ, ਜੇਕਰ ਫ਼ਸਲ ਨਹੀਂ ਹੋਵੇਗੀ ਤਾਂ ਕਿਸਾਨ ਆਪਣੇ ਘਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ ? ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਜਿੰਨਾ ਚਿਰ ਬਿਜਲੀ ਨਹੀਂ ਆਉਂਦੀ, ਇਹ ਧਰਨਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਧਰਨੇ ਵਾਲੀ ਜਗ੍ਹਾ ’ਤੇ ਐਕਸੀਅਨ ਬਿਜਲੀ ਬੋਰਡ ਗੁਰਪ੍ਰਤਾਪ ਸਿੰਘ ਵਲੋਂ ਪੁੱਜ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਬਿਜਲੀ ਠੀਕ ਕੀਤੀ ਜਾ ਰਹੀ ਹੈ ਤੇ ਕੁੱਝ ਸਮੇਂ ਬਾਅਦ ਬਿਜਲੀ ਆ ਜਾਵੇਗੀ। ਇਸ ਵਿਸ਼ਵਾਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਆਗੂ ਖੜਕ ਸਿੰਘ, ਕਿਸਾਨ ਆਗੂ ਅਜੈਬ ਸਿੰਘ, ਲਖਬੀਰ ਸਿੰਘ ਕਾਹਲੋਂ, ਦਲਜੀਤ ਸਿੰਘ, ਮੱਖਾ ਸਿੰਘ ਸਾਬਕਾ ਸਰਪੰਚ ਬੇਲਾ ਸਰਿਆਣਾ, ਗੁਰਨਾਮ ਸਿੰਘ ਬੇਲਾ, ਪ੍ਰੇਮ ਸਿੰਘ ਪੁਰੋਚੱਕ, ਅਮਨਜੋਤ ਸਿੰਘ, ਮਲਕੀਤ ਸਿੰਘ, ਤਲਵਿੰਦਰ ਸਿੰਘ, ਅਸ਼ੋਕ ਕੁਮਾਰ ਸਰਿਆਣਾ, ਸਤਨਾਮ ਸਿੰਘ, ਮੁਖ਼ਤਿਆਰ ਸਿੰਘ, ਰਸ਼ਪਾਲ ਸਿੰਘ, ਹੰਸ ਰਾਜ ਝੰਗ, ਦੀਪਕ ਝੰਗ, ਗੰਧਰਵ ਸਿੰਘ, ਵਿਜੇ ਕੁਮਾਰ, ਸੁਖਵਿੰਦਰ ਸਿੰਘ, ਬਾਬਾ ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਪੰਜ ਦਿਨਾਂ ਤੋਂ ਬਿਜਲੀ ਨਾ ਆਉਣ ਕਰ ਕੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਚੱਕਾ ਜਾਮ
ਅਜੀਤ ਡੈਸਕ
26-07-2026