ਹਾਜੀਪੁਰ ਦੇ ਸਰਪੰਚ ਖ਼ਿਲਾਫ਼ 8 ਪੰਚਾਇਤ ਮੈਂਬਰਾਂ ਨੇ ਖੋਲ੍ਹਿਆ ਮੋਰਚਾ
ਹਾਜੀਪੁਰ, 31 ਅਗਸਤ (ਪੁਨੀਤ ਭਾਰਦਵਾਜ)- ਵਿਧਾਨ ਸਭਾ ਹਲਕਾ ਮੁਕੇਰੀਆਂ ਦਾ ਸਭ ਤੋਂ ਵੱਡਾ ਕਸਬਾ ਹਾਜੀਪੁਰ ਜਿੱਥੇ ਪਿਛਲੇ ਕੁੱਝ ਦਿਨਾਂ ਤੋਂ ਸਿਆਸਤ ਭਖੀ ਹੋਈ ਹੈ। ਲਗਾਤਾਰ ਤੀਸਰੀ ਵਾਰ ਹਾਜੀਪੁਰ ਵਿਚ ਕਾਂਗਰਸ ਪਾਰਟੀ ਦਾ ਸਰਪੰਚ ਚੁਣਿਆ ਗਿਆ ਹੈ।
ਹ
ਹਾਜੀਪੁਰ ਦੇ ਸਰਪੰਚ ਦੇ ਖ਼ਿਲਾਫ਼ ਹੱਥਾਂ ਵਿਚ ਤਖ਼ਤੀਆਂ ਫੜ ਕੇ ਬਾਜ਼ਾਰ ਵਿਚੋਂ ਲੰਘਦੇ ਪੰਚਾਇਤ ਮੈਂਬਰ। ਤਸਵੀਰ : ਪੁਨੀਤ ਭਾਰਦਵਾਜ
01-09-2026
ਹਾਜੀਪੁਰ, 31 ਅਗਸਤ (ਪੁਨੀਤ ਭਾਰਦਵਾਜ)- ਵਿਧਾਨ ਸਭਾ ਹਲਕਾ ਮੁਕੇਰੀਆਂ ਦਾ ਸਭ ਤੋਂ ਵੱਡਾ ਕਸਬਾ ਹਾਜੀਪੁਰ ਜਿੱਥੇ ਪਿਛਲੇ ਕੁੱਝ ਦਿਨਾਂ ਤੋਂ ਸਿਆਸਤ ਭਖੀ ਹੋਈ ਹੈ। ਲਗਾਤਾਰ ਤੀਸਰੀ ਵਾਰ ਹਾਜੀਪੁਰ ਵਿਚ ਕਾਂਗਰਸ ਪਾਰਟੀ ਦਾ ਸਰਪੰਚ ਚੁਣਿਆ ਗਿਆ ਹੈ। ਹਾਜੀਪੁਰ ਪੰਚਾਇਤ ਚੋਣਾਂ ਵਿਚ ਕਿਸ਼ੋਰ ਕੁਮਾਰ ਲਗਾਤਾਰ ਦੋ ਵਾਰ ਸਰਪੰਚ ਬਣੇ। ਇਸ ਵਾਰ ਦੀਆਂ ਪੰਚਾਇਤ ਚੋਣਾਂ ਵਿਚ ਸਰਪੰਚ ਦੀ ਸੀਟ ਔਰਤ ਵਾਸਤੇ ਰਾਖਵੀਂ ਸੀਟ ਹੋਣ ਤੇ ਕਿਸ਼ੋਰ ਕੁਮਾਰ ਨੇ ਆਪਣੀ ਨੂੰਹ ਕਿਰਨ ਬਾਲਾ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਅਤੇ ਉਹ ਹਾਜੀਪੁਰ ਦੇ ਸਰਪੰਚ ਬਣ ਗਏ। 11 ਮੈਂਬਰੀ ਹਾਜੀਪੁਰ ਦੀ ਪੰਚਾਇਤ ਮੈਂਬਰਾਂ ਵਿਚੋਂ 8 ਪੰਚਾ ਨੇ ਮੌਜੂਦਾ ਸਰਪੰਚ ਦੇ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਅਤੇ ਪੰਚਾਇਤ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਹਾਜੀਪੁਰ ਦੇ ਅੱਠ ਪੰਚਾਂ ਨੇ ਬੀ.ਡੀ.ਪੀ.ਓ. ਨੂੰ ਸਰਪੰਚ ਤੋਂ ਸਮਰਥਨ ਵਾਪਸੀ ਪੱਤਰ ਦੇ ਦਿੱਤਾ। ਹਾਜੀਪੁਰ ਦੇ ਪੰਚ ਸੁਮਨ ਦੇਵੀ, ਸਰੂਪ ਦੇਵੀ, ਨੀਸ਼ਾ ਕੁਮਾਰੀ, ਰਵਿੰਦਰ ਸਿੰਘ, ਰਵੀ ਤਿਵਾੜੀ, ਕਰਨੈਲ ਸਿੰਘ, ਬ੍ਰਹਮ ਕੁਮਾਰ, ਸੁਖਵਿੰਦਰ ਕੌਰ ਨੇ ਮੌਜੂਦਾ ਸਰਪੰਚ ’ਤੇ ਗੰਭੀਰ ਦੋਸ਼ ਲਗਾਏ। ਇੱਥੇ ਅਸੀਂ ਇਹ ਵੀ ਦੱਸਦੇ ਚੱਲੀਏ ਕਿ ਹਾਜੀਪੁਰ ਦੇ ਪੰਚਾਂ ਵੱਲੋਂ ਸਰਪੰਚ ਤੋਂ ਸਮਰਥਨ ਵਾਪਸੀ ਦੇ ਐਲਾਨ ਤੋਂ ਬਾਅਦ ਪੰਚਾਂ ਨੂੰ ਮਨਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਕੁੱਝ ਪੰਚਾਂ ਨੇ ਦੱਸਿਆ ਕਿ ਪੰਚਾਂ ਨੂੰ ਮਨਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇੱਥੇ ਦੱਸਣਾ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਸਬਾ ਹਾਜੀਪੁਰ ਵਿਚ ਗਰਾਂਟਾਂ ਬਹੁਤ ਵੱਡੇ ਪੱਧਰ ’ਤੇ ਆਈਆਂ ਤੇ ਪੰਚਾਇਤ ਨੇ ਕੰਮ ਵੀ ਬਹੁਤ ਕਰਾਏ। ਜੇ ਅਸੀਂ ਗੱਲ ਕਰੀਏ ਹਾਜੀਪੁਰ ਦੀ ਸਾਫ਼ ਸਫ਼ਾਈ, ਗੰਦੇ ਪਾਣੀ ਦੀ ਨਿਕਾਸੀ ਦੀ ਤਾਂ ਹਾਜੀਪੁਰ ਦੇ ਹਾਲਾਤ ਸ਼ਬਦਾਂ ਵਿਚ ਬਿਆਨ ਨਹੀਂ ਕੀਤੇ ਜਾ ਸਕਦੇ। ਕੁੱਝ ਮਿੰਟਾਂ ਦੇ ਮੀਂਹ ਵਿਚ ਹੀ ਇੱਥੇ ਗੰਦੇ ਪਾਣੀ ਦੇ ਨਾਲ ਬਾਜ਼ਾਰ ਭਰ ਜਾਂਦੇ ਹਨ। ਗੰਦੇ ਪਾਣੀ ਦੀ ਨਿਕਾਸੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਬਾਜ਼ਾਰਾਂ ਦੀਆਂ 50 ਸਾਲ ਪੁਰਾਣੀਆਂ ਨਾਲੀਆਂ ਦੇ ਸਹਾਰੇ ਹੀ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਥਾਂ-ਥਾਂ ’ਤੇ ਕੂੜੇ ਦੇ ਢੇਰ ਆਮ ਦੇਖਣ ਨੂੰ ਮਿਲ ਜਾਂਦੇ ਹਨ। ਅੱਜ ਹਾਜੀਪੁਰ ਦੇ 8 ਪੰਚਾਂ ਨੇ ਹੱਥ ਵਿਚ ਸਰਪੰਚ ਦੇ ਖ਼ਿਲਾਫ਼ ਤਖ਼ਤੀਆਂ ਫੜ ਕੇ ਬਾਜ਼ਾਰ ਦਾ ਇੱਕ ਚੱਕਰ ਲਗਾਉਂਦੇ ਹੋਏ ਬੀ.ਡੀ.ਪੀ.ਓ. ਹਾਜੀਪੁਰ ਦੇ ਦਫ਼ਤਰ ਵਿਚ ਪਹੁੰਚੇ ਜਿੱਥੇ ਬੀ.ਡੀ.ਪੀ.ਓ ਵੱਲੋਂ ਅੱਜ ਦਾ ਦਿਨ ਮੁਲਾਕਾਤ ਦਾ ਮੁਕੱਰਰ ਕੀਤਾ ਗਿਆ ਸੀ ਪਰ ਬੀ.ਡੀ.ਪੀ.ਓ ਨਾ ਹੋਣ ਕਾਰਨ ਇਹਨਾਂ ਪੰਚਾਂ ਨੂੰ ਦੋ ਸਤੰਬਰ ਦਾ ਟਾਈਮ ਦਿੱਤਾ ਗਿਆ ਹੈ। ਪੰਚਾਂ ਨੇ ਆਪਣਾ ਰੁੱਖ ਸਾਫ਼ ਕਰਦੇ ਹੋਏ ਕਿਹਾ ਕਿ ਉਹ ਆਪਣੇ ਫ਼ੈਸਲੇ ’ਤੇ ਖੜੇ ਹਨ। ਪੰਚਾਂ ਦਾ ਕਹਿਣਾ ਹੈ ਕਿ ਸਾਡਾ ਮੇਨ ਮਕਸਦ ਹਾਜੀਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ। ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਸਮਾਜ ਦੀ ਸੇਵਾ ਕਰਨ ਦੇ ਵਾਸਤੇ ਚੋਣ ਲੜੀ ਹੈ ਤੇ ਲੋਕਾਂ ਨੇ ਜੋ ਉਹ ਉਮੀਦਾਂ ਸਾਡੇ ਤੋਂ ਲਗਾਈਆਂ ਹਨ ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰ ਕੇ ਦੱਸਾਂਗੇ।