ਮਾਨਵੀ ਸੈਣੀ ਨੇ ਜ਼ਿਲ੍ਹਾ ਅਥਲੈਟਿਕਸ ‘ਚ ਜਿੱਤੇ ਸੋਨ ਤੇ ਚਾਂਦੀ ਦੇ ਤਗਮੇ, ਸੂਬਾ ਪੱਧਰੀ ਮੁਕਾਬਲੇ ਲਈ ਹੋਈ ਚੋਣ
ਅੱਡਾ ਸਰਾਂ, 21 ਸਤੰਬਰ (ਮਸੀਤੀ)-ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ (ਅਥਲੈਟਿਕਸ) ਦਾ ਸਫਲ ਆਯੋਜਨ ਸਰਕਾਰੀ ਕਾਲਜ ਟਾਂਡਾ ਵਿਖੇ ਕੀਤਾ। ਮੁਕਾਬਲੇ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੀ ਹੋਣਹਾਰ ਵਿਦਿਆਰਥਣ ਮਾਨਵੀ ਸੈਣੀ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ, ਤੇਜ਼ ਰਫ਼ਤਾਰ ਤੇ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ।
ਅੱਡਾ ਸਰਾਂ, 21 ਸਤੰਬਰ (ਮਸੀਤੀ)-ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ (ਅਥਲੈਟਿਕਸ) ਦਾ ਸਫਲ ਆਯੋਜਨ ਸਰਕਾਰੀ ਕਾਲਜ ਟਾਂਡਾ ਵਿਖੇ ਕੀਤਾ। ਮੁਕਾਬਲੇ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੀ ਹੋਣਹਾਰ ਵਿਦਿਆਰਥਣ ਮਾਨਵੀ ਸੈਣੀ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ, ਤੇਜ਼ ਰਫ਼ਤਾਰ ਤੇ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਮੁਕਾਬਲੇ ਦੌਰਾਨ ਮਾਨਵੀ ਸੈਣੀ ਨੇ 200 ਮੀਟਰ ਦੌੜ ਵਿਚ ਸੋਨ ਤਗਮਾ ਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ। ਜ਼ਿਲ੍ਹਾ ਪੱਧਰ ‘ਤੇ ਦੋਹਰੀ ਜਿੱਤ ਹਾਸਿਲ ਕਰਨ ਦੇ ਨਾਲ ਹੀ ਮਾਨਵੀ ਸੈਣੀ ਦੀ ਚੋਣ ਸੂਬਾ ਪੱਧਰੀ ਅਥਲੈਟਿਕਸ ਮੁਕਾਬਲੇ ਲਈ ਹੋ ਗਈ ਹੈ। ਇਹ ਉਪਲਬਧੀ ਸਕੂਲ ਦੇ ਪ੍ਰਬੰਧ ਨਿਰਦੇਸ਼ਕ ਪ੍ਰੋਫੈਸਰ ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪ੍ਰਿੰਸੀਪਲ ਪੂਜਾ ਪਟਿਆਲ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੇਰਨਾਦਾਇਕ ਮਾਰਗਦਰਸ਼ਨ ਸਦਕਾ ਹੋਰ ਵੀ ਮਹੱਤਵਪੂਰਨ ਬਣੀ ਹੈ। ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਾਨਵੀ ਸੈਣੀ ਦੀ ਇਸ ਸ਼ਾਨਦਾਰ ਪ੍ਰਾਪਤੀ ਵਿਚ ਉਸ ਦੀ ਖੇਡ ਕੋਚ ਮਿਸ ਆਰਤੀ ਦੇਵੀ ਵਲੋਂ ਦਿੱਤੀ ਗਈ ਕੁਸ਼ਲ ਸਿਖਲਾਈ ਅਤੇ ਸਹੀ ਮਾਰਗਦਰਸ਼ਨ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਦੇ ਨਿਰੰਤਰ ਸਹਿਯੋਗ ਅਤੇ ਵਿਸ਼ਵਾਸ ਦੀ ਵੀ ਅਹਿਮ ਭੂਮਿਕਾ ਰਹੀ। ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਪੂਜਾ ਪਟਿਆਲ ਨੇ ਮਾਨਵੀ ਸੈਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਫਲਤਾ ਸਖ਼ਤ ਮਿਹਨਤ, ਅਨੁਸ਼ਾਸਨ ਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦਾ ਨਤੀਜਾ ਹੁੰਦੀ ਹੈ। ਮਾਨਵੀ ਦੀ ਇਹ ਜਿੱਤ ਸਿਰਫ਼ ਤਗਮਾ ਹਾਸਲ ਕਰਨਾ ਨਹੀਂ, ਸਗੋਂ ਸਕੂਲ ਦੇ ਹਰ ਵਿਦਿਆਰਥੀ ਲਈ ਪ੍ਰੇਰਨਾ ਦਾ ਸਰੋਤ ਹੈ। ਸਮੁੱਚੇ ਸਕੂਲ ਪਰਿਵਾਰ ਵੱਲੋਂ ਮਾਨਵੀ ਸੈਣੀ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਮਾਨਵੀ ਭਵਿੱਖ ਵਿਚ ਵੀ ਸੂਬਾ ਤੇ ਕੌਮੀ ਪੱਧਰ ‘ਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰੇਗੀ।