ਟੈ੍ਫਿਕ ਮੁਲਾਜ਼ਮਾਂ ਦੀ ਘਾਟ ਕਾਰਨ ਗੜ੍ਹਸ਼ੰਕਰ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਡਗਮਗਾਈ
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)-ਇਕ ਪਾਸੇ ਓਵਰਲੋਡ ਟਿੱਪਰਾਂ ਤੇ ਟਰੈਕਟਰ ਟਰਾਲੀਆਂ ਕਾਰਨ ਗੜ੍ਹਸ਼ੰਕਰ ਸ਼ਹਿਰ ਦੀ ਟ੍ਰੈਫਿਕ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਉਥੇ ਟ੍ਰੈਫਿਕ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ। ਸਥਾਨਕ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਕਦੇ ਇਕ, ਕਦੇ ਦੋ ਜਾਂ ਫਿਰ ਕਦੇ ਕਦੇ ਤਿੰਨ ਮੁਲਾਜ਼ਮ ਹੀ ਦੇਖਣ ਨੂੰ ਮਿਲਦੇ ਹਨ।
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)-ਇਕ ਪਾਸੇ ਓਵਰਲੋਡ ਟਿੱਪਰਾਂ ਤੇ ਟਰੈਕਟਰ ਟਰਾਲੀਆਂ ਕਾਰਨ ਗੜ੍ਹਸ਼ੰਕਰ ਸ਼ਹਿਰ ਦੀ ਟ੍ਰੈਫਿਕ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਉਥੇ ਟ੍ਰੈਫਿਕ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ। ਸਥਾਨਕ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਕਦੇ ਇਕ, ਕਦੇ ਦੋ ਜਾਂ ਫਿਰ ਕਦੇ ਕਦੇ ਤਿੰਨ ਮੁਲਾਜ਼ਮ ਹੀ ਦੇਖਣ ਨੂੰ ਮਿਲਦੇ ਹਨ। ਗੜ੍ਹਸ਼ੰਕਰ ਸ਼ਹਿਰ ਚਾਰ ਮੁੱਖ ਚੌਂਕ ਹਨ ਜਿਨ੍ਹਾਂ ’ਚ ਬੰਗਾ ਚੌਕ, ਨੰਗਲ ਚੌਂਕ, ਸ੍ਰੀ ਅਨੰਦਪੁਰ ਸਾਹਿਬ ਚੌਕ ਤੇ ਚੰਡੀਗੜ੍ਹ ਚੌਕ ਸ਼ਾਮਿਲ ਹਨ ਜਿਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਮੁਲਾਜ਼ਮ ਦਾ ਹੋਣਾ ਜ਼ਰੂਰੀ ਹੈ ਪਰ ਸ਼ਹਿਰ ’ਚ ਸਿਰਫ਼ ਬੰਗਾ ਚੌਕ ਜਾਂ ਫਿਰ ਨੰਗਲ ਚੌਕ ਵਿਚ ਹੀ ਟ੍ਰੈਫਿਕ ਮੁਲਾਜ਼ਮ ਦੇਖਣ ਨੂੰ ਮਿਲਦੇ ਹਨ। ਚੰਡੀਗੜ੍ਹ ਚੌਕ ਤੇ ਸ੍ਰੀ ਅਨੰਦਪੁਰ ਸਾਹਿਬ ਚੌਕ ਵਿਚ ਟ੍ਰੈਫਿਕ ਮੁਲਾਜ਼ਮ ਤਾਇਨਾਤ ਦੇਖਣ ਨੂੰ ਮਿਲਦਾ ਹੈ ਜਦੋਂ ਕਿਸੇ ਵੀ. ਆਈ. ਪੀ. ਨੇ ਸ਼ਹਿਰ ਵਿਚੋਂ ਲੰਘਣਾ ਹੋਵੇਗਾ। ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਕਈ ਵਾਰ ਸਥਿਤੀ ਉਸ ਵਕਤ ਲਾਵਾਰਸਾਂ ਵਾਲੀ ਬਣ ਜਾਂਦੀ ਹੈ ਜਦੋਂ ਕਿਸੇ ਵਜ੍ਹਾ ਕਾਰਨ ਸ਼ਹਿਰ ’ਚ ਕਿਸੇ ਸੜਕ ’ਤੇ ਕਿਸੇ ਕਾਰਨ ਕੋਈ ਹਾਦਸਾ ਵਾਪਰ ਜਾਵੇ ਜਾਂ ਫਿਰ ਕਿਸੇ ਕਾਰਨ ਵੱਸ ਟ੍ਰੈਫਿਕ ਪ੍ਰਭਾਵਿਤ ਹੋ ਜਾਵੇ। ਉਸ ਵਕਤ ਚੌਕ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਚੌਕ ਛੱਡ ਕੇ ਮੌਕੇ ’ਤੇ ਜਾਣਾ ਪੈ ਜਾਂਦਾ ਹੈ। ਅਜਿਹੇ ਹਾਲਤਾਂ ’ਚ ਅਕਸਰ ਹੀ ਕੁੱਝ ਵਾਹਨ ਚਾਲਕ ਲੋਕਾਂ ਦੀ ਮਨਮਾਨੀ ਕਾਰਨ ਟ੍ਰੈਫਿਕ ਵਿਵਸਥਾ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ ਤੇ ਕੁੱਝ ਲੋਕਾਂ ਦਾ ਮਨਮਾਨੀ ਕਾਰਨ ਬਹੁਤੇ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਜਾਂਦਾ ਹੈ। ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਬਾਈਪਾਸ ਬਣਨਾ ਤਾਂ ਅਜੇ ਦੂਰ ਦੀ ਗੱਲ ਜਾਪ ਰਹੀ ਹੈ, ਪਰ ਮੌਜੂਦਾ ਹਾਲਤਾਂ ਦਾ ਸੁਧਾਰ ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਤੋਂ ਬਿਨਾਂ ਨਹੀਂ ਪੂਰਾ ਕੀਤਾ ਜਾ ਸਕਦਾ।