ਟਾਂਡਾ ਤੋਂ ਪੁਲਪੁਖਤਾ ਜਾਂਦੀ ਬਰਸਾਤੀ ਡਰੇਨ ’ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਂਗਰਸੀ ਵਫਦ ਨੇ ਦਿੱਤਾ ਐੱਸ.ਡੀ.ਐੱਮ. ਨੂੰ ਮੰਗ ਪੱਤਰ
ਟਾਂਡਾ ਉੜਮੁੜ, 7 ਅਕਤੂਬਰ (ਭਗਵਾਨ ਸਿੰਘ ਸੈਣੀ)- ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਦੇ ਵਫਦ ਨੇ ਐੱਸ. ਡੀ.
ਟਾਂਡਾ ਉੜਮੁੜ, 7 ਅਕਤੂਬਰ (ਭਗਵਾਨ ਸਿੰਘ ਸੈਣੀ)- ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਦੇ ਵਫਦ ਨੇ ਐੱਸ. ਡੀ. ਐੱਮ. ਟਾਂਡਾ ਨੂੰ ਮੰਗ ਪੱਤਰ ਭੇਟ ਕਰਕੇ ਟਾਂਡਾ ਤੋਂ ਪੁਲਪੁਖਤਾ ਤੱਕ ਜਾਂਦੀ ਡਰੇਨ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ । ਇਸ ਮੌਕੇ ਐੱਸ. ਡੀ. ਐੱਮ. ਲਵਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਭੇਟ ਕਰਦੇ ਹੋਏ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਅਜਾਦੀ ਸਮੇਂ ਤੋਂ ਬਣੇ ਇਸ ਨਿਕਾਸੀ ਡਰੇਨ ਰਾਹੀਂ ਟਾਂਡਾ, ਉੜਮੁੜ, ਅਹੀਆਪੁਰ ਅਤੇ ਦਾਰਾਪੁਰ ਇਲਾਕੇ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਹੁੰਦੀ ਸੀ, ਜੋ ਬੇਹੱਦ ਚੌੜਾ ਸੀ ਅਤੇ ਇਸ ਡਰੇਨ ਨਾਲ ਲਗਦੀਆਂ ਜਮੀਨਾਂ ਦੇ ਮਾਲਕਾਂ ਨੂੰ ਲਾਂਘੇ ਲਈ ਡਰੇਨਜ਼ ਮਹਿਕਮੇ ਕੋਲੋਂ ਮਨਜ਼ੂਰੀ ਲੈ ਕੇ ਪਾਣੀ ਦੇ ਨਿਕਾਸ ਵਿਚ ਰੁਕਾਵਟ ਨਾ ਬਣਨ ਵਾਲੀਆਂ ਪੁਲੀਆਂ ਦਾ ਨਿਰਮਾਣ ਕੀਤਾ ਜਾ ਸਕਦਾ ਸੀ ਪਰੰਤੂ ਪਿਛਲੇ ਕੁਝ ਸਮੇ ਤੋਂ ਸੱਤਾਧਿਰ ਦੇ ਸਿਆਸੀ ਦਬਾਅ ਹੇਠ ਮਿਲੀ ਖੁੱਲੀ ਛੋਟ ਦੇ ਚਲਦਿਆਂ ਕੁਝ ਲੋਕਾਂ ਵਲੋਂ ਆਪਣੇ ਨਿੱਜੀ ਹਿੱਤਾਂ ਲਈ ਚੌਹਾਨ ਪੈਲਸ ਨੇੜੇ ਅਤੇ ਹੋਰਨਾਂ ਸਥਾਨਾਂ ’ਤੇ ਜੇ. ਸੀ. ਬੀ. ਮਸ਼ੀਨਾਂ, ਟਿੱਪਰਾ ਨਾਲ ਨਾਲ ਮਿੱਟੀ ਪਾ ਕੇ ਡਰੇਨ ਦਾ ਵਜੂਦ ਖਤਰੇ ਵਿਚ ਪਾ ਦਿੱਤਾ ਹੈ ਅਤੇ ਇਹ ਸਿਲਸਿਲਾ ਬੇਰੋਕ ਟੋਕ ਧੜੱਲੇ ਨਾਲ ਚੱਲ ਰਿਹਾ ਹੈ । ਉਨ੍ਹਾਂ ਆਖਿਆ ਕਿ ਸ਼ਹਿਰ ਵਿਚ ਨਿਕਾਸੀ ਨਾਲੇ ਦੇ ਨਾਲ-ਨਾਲ ਪੁਲੀਆਂ ਦਾ ਵਜੂਦ ਵੀ ਖਤਰੇ ਵਿਚ ਹੈ। ਇਨ੍ਹਾਂ ਹਲਾਤਾਂ ਵਿਚ ਉਨ੍ਹਾਂ ਚਿੰਤਾ ਦਾ ਇਜਹਾਰ ਕਰਦੇ ਹੋਏ ਆਖਿਆ ਕਿ ਜਿਆਦਾ ਬਰਸਾਤ ਅਤੇ ਬਰਸਾਤੀ ਪਾਣੀ ਪਿੱਛੋਂ ਆਉਣ ਕਾਰਨ ਸ਼ਹਿਰ ਡੁੱਬ ਜਾਵੇਗਾ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਅਤੇ ਸੰਬੰਧਿਤ ਮਹਿਕਮਾ ਇਸ ’ਤੇ ਕਾਰਵਾਈ ਕਰਦੇ ਹੋਏ ਨਾਜਾਇਜ ਕਬਜ਼ੇ ਹਟਾਉਂਦੇ ਹੋਏ ਅਜਿਹਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਡਰੇਨ ਨੂੰ ਸਾਫ ਕਰਵਾਇਆ ਜਾਵੇ। ਉਨ੍ਹਾਂ ਨਗਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀ ਜੀਵੀਆਂ ਨੂੰ ਵੀ ਇਸ ਗੰਭੀਰ ਮਸਲੇ ਪ੍ਰਤੀ ਅਵਾਜ ਬੁਲੰਦ ਕਰਨ ਲਈ ਅਪੀਲ ਕੀਤੀ। ਇਸ ਬਾਰੇ ਐੱਸ. ਡੀ. ਐੱਮ. ਲਵਪ੍ਰੀਤ ਸਿੰਘ ਔਲਖ ਨੇ ਆਖਿਆ ਕਿ ਉਨ੍ਹਾਂ ਖੁਦ ਵੀ ਜਾਂਚ ਕੀਤੀ ਹੈ ਕਿ ਕੁਝ ਲੋਕਾਂ ਵਲੋਂ ਇਸ ਡਰੇਨ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਇਸ ਲਈ ਉਨ੍ਹਾਂ ਡਰੇਨਜ਼ ਮਹਿਕਮੇ ਨੂੰ ਲਿਖਿਆ ਹੈ ਕਿ ਇਸ ਬਾਰੇ ਕਾਨੂੰਨ ਐਕਟ ਮੁਤਾਬਿਕ ਕਾਰਵਾਈ ਕਰਦੇ ਹੋਏ ਨੋਟਿਸ ਜਾਰੇ ਕੀਤੇ ਜਾਣ ਅਤੇ ਜੇਕਰ ਫਿਰ ਵੀ ਕਬਜ਼ੇ ਨਹੀਂ ਹਟਾਏ ਜਾਂਦੇ ਹਨ ਤਾਂ ਮਹਿਕਮਾ ਕਾਰਵਾਈ ਕਰਦੇ ਹੋਏ ਕਬਜ਼ੇ ਹਟਵਾਏ ਅਤੇ ਡਰੇਨ ਨੂੰ ਸਾਫ ਕੀਤਾ ਜਾਵੇ। ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿਚ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਐੱਮ. ਸੀ. ਬਲਦੇਵ ਰਾਜ, ਜਸਵਿੰਦਰ ਕਾਕਾ, ਰਾਜੇਸ਼ ਲਾਡੀ, ਮਨਜੀਤ ਸਿੰਘ, ਵਿਨੋਦ ਖੋਸਲਾ, ਰਾਕੇਸ਼ ਬਿੱਟੂ ਅਨਿਲ ਪਿੰਕਾ ਸਚਦੇਵਾ ਆਦਿ ਮੌਜੂਦ ਸਨ।