ਤਲਵਾੜਾ ਮੁਕੰਮਲ ਬੰਦ ਰਿਹਾ
ਤਲਵਾੜਾ, 15 ਅਕਤੂਬਰ (ਰਾਜੀਵ ਓਸ਼ੋ, ਐਚ. ਐਸ.
ਤਲਵਾੜਾ, 15 ਅਕਤੂਬਰ (ਰਾਜੀਵ ਓਸ਼ੋ, ਐਚ. ਐਸ. ਮਿੱਠੂ)-ਪੰਜਾਬ ਬੰਦ ਦੇ ਸੱਦੇ ਨੂੰ ਤਲਵਾੜਾ ਤੇ ਹਾਜੀਪੁਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਤਲਵਾੜਾ ’ਚ ਸ੍ਰੀ ਗੁਰੂ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਪੰਚਾਇਤ ਯੂਨੀਅਨ ਤਲਵਾੜਾ ਲੋਕ ਜਨ ਸ਼ਕਤੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਸ਼ਹਿਰ ’ਚ ਮਾਰਚ ਕੱਢ ਬੰਦ ਦੇ ਸਮਰਥਨ ’ਚ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਉਪਰੰਤ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਬੋਧਰਾਜ, ਸਾਬਕਾ ਕੌਂਸਲਰ ਦੀਪਕ ਅਰੋੜਾ, ਪੰਚਾਇਤ ਯੂਨੀਅਨ ਤਲਵਾੜਾ ਤੋਂ ਨਵਲ ਕਿਸ਼ੋਰ ਮਹਿਤਾ ਤੇ ਦੀਪਕ ਠਾਕੁਰ, ਨੌਜਵਾਨ ਸਿੱਖ ਆਗੂ ਸ਼ਮਸ਼ੇਰ ਸਿੰਘ, ਐਡ ਦਮਨਦੀਪ ਸਿੰਘ, ਲੋਕ ਜਨਸ਼ਕਤੀ ਪਾਰਟੀ ਤੋਂ ਰਾਜੀਵ ਕੁਮਾਰ ਆਦਿ ਨੇ ਡਰੱਗ ਮਾਫ਼ੀਆ ਖ਼ਿਲਾਫ਼ ਲੜਾਈ ਲੜਦਿਆਂ ਸ਼ਹੀਦ ਹੋਏ ਪਰਵਿੰਦਰ ਸਿੰਘ ‘ਝੋਟਾ’ ਦੇ ਹੱਕ ’ਚ ਹਾਂ ਦਾ ਨਾਅਰਾ ਮਾਰਿਆ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਸਵਾਲ ਉਠਾਏ। ਬੁਲਾਰਿਆਂ ਨੇ ਪੰਜਾਬ ਪੁਲਿਸ ਅਤੇ ਡਰੱਗ ਕੰਟਰੋਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਧਰੀ। ਉਨ੍ਹਾਂ ਸੂਬੇ ਅੰਦਰ ਬਣੇ ਸਿਆਸੀ, ਅਫ਼ਸਰਸ਼ਾਹੀ ਤੇ ਮਾਫ਼ੀਆ ਦੇ ਗੱਠਜੋੜ ’ਤੇ ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਤਬਾਹ ਕਰਨ ਦੇ ਦੋਸ਼ ਲਗਾਏ। ਬੰਦ ਦਾ ਅਸਰ ਛੋਟੇ ਕਸਬਿਆਂ ’ਚ ਦਿਖਾਈ ਦਿੱਤਾ ਅਮਰੋਹ, ਦਗਨ ਬਾਜ਼ਾਰ, ਨੰਗਲ ਬਿਹਾਲਾਂ, ਵੱਡੀ ਨਹਿਰ ਮਾਰਕੀਟ, ਭਵਨਾਲ, ਸਰਿਆਣਾ ਆਦਿ ਦੇ ਬਾਜ਼ਾਰ ਵੀ ਬੰਦ ਰਹੇ।