ਰਾਮ ਬਾਰਾਤ ਦਾ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)- ਸ੍ਰੀ ਰਾਮ ਡਰਾਮੈਟਿਕ ਕਲੱਬ ਰੇਲਵੇ ਸਟੇਸ਼ਨ ਮੁਕੇਰੀਆਂ ਵੱਲੋਂ ਸਰਪ੍ਰਸਤ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਡਾ. ਬਾਲੀ ਰਾਮ ਦੀ ਅਗਵਾਈ ਵਿਚ ਸ਼ਾਨਦਾਰ ਰਾਮ ਬਾਰਾਤ ਕੱਢੀ ਗਈ।
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)- ਸ੍ਰੀ ਰਾਮ ਡਰਾਮੈਟਿਕ ਕਲੱਬ ਰੇਲਵੇ ਸਟੇਸ਼ਨ ਮੁਕੇਰੀਆਂ ਵੱਲੋਂ ਸਰਪ੍ਰਸਤ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਡਾ. ਬਾਲੀ ਰਾਮ ਦੀ ਅਗਵਾਈ ਵਿਚ ਸ਼ਾਨਦਾਰ ਰਾਮ ਬਾਰਾਤ ਕੱਢੀ ਗਈ। ਧਾਰਮਿਕ ਆਸਥਾ, ਉਤਸ਼ਾਹ ਅਤੇ ਸ਼ਰਧਾ ਨਾਲ ਭਰਪੂਰ ਇਸ ਸਮਾਗਮ ਵਿਚ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਪਾਤਰ ਆਕਰਸ਼ਕ ਪਹਿਰਾਵਿਆਂ ਵਿਚ ਸਜ ਕੇ ਸ਼ਾਮਲ ਹੋਏ। ਰਾਮ ਬਾਰਾਤ ਵਿਚ ਅਵਧਪੁਰੀ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ, ਜਿਸ ਨਾਲ ਪੂਰਾ ਸ਼ਹਿਰ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਰਾਮ ਬਾਰਾਤ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਰਾਮ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਅਤੇ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਥਾਂ-ਥਾਂ ਹੋਏ ਸ਼ਾਨਦਾਰ ਸਵਾਗਤ ਨਾਲ ਰਾਮ ਬਾਰਾਤ ਦੀ ਸ਼ੋਭਾ ਹੋਰ ਵੀ ਵਧ ਗਈ। ਸ੍ਰੀ ਰਾਮ ਡਰਾਮੈਟਿਕ ਕਲੱਬ ਵੱਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਨੇ ਸ਼ਹਿਰ ਵਿਚ ਆਪਸੀ ਭਾਈਚਾਰੇ, ਸਮਾਜਿਕ ਏਕਤਾ ਅਤੇ ਧਾਰਮਿਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਰਾਮ ਬਾਰਾਤ ਵਿਚ ਸ਼ਰਧਾਲੂਆਂ ਦਾ ਭਾਰੀ ਉਤਸ਼ਾਹ ਇਸ ਗੱਲ ਦਾ ਪ੍ਰਤੀਕ ਰਿਹਾ ਕਿ ਭਗਵਾਨ ਸ੍ਰੀ ਰਾਮ ਦੇ ਆਦਰਸ਼ ਅੱਜ ਵੀ ਲੋਕਾਂ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਸ ਸਮਾਗਮ ਰਾਹੀਂ ਸ਼ਰਧਾਲੂਆਂ ਨੂੰ ਮਰਿਆਦਾ, ਸੇਵਾ, ਤਿਆਗ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪੇ੍ਰਨਾ ਮਿਲੀ।