ਸਿੱਧਵਾਂ ਬੇਟ, 4 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਪੂਰੇ ਬੇਟ ਇਲਾਕੇ ਵਿਚ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋਏ ਲੁਟੇਰਿਆਂ ਅਤੇ ਚੋਰਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ | ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਇਨ੍ਹਾਂ ਬੇਖੌਫ਼ ਲੁਟੇਰਿਆਂ ਨੇ ਕਿਸੇ ਨੂੰ ਆਪਣਾ ਨਿਸ਼ਾਨਾ ਨਾ ਬਣਾਇਆ ਹੋਵੇ | ਹੈਰਾਨ ਦੀ ਗੱਲ ਹੈ ਕਿ ਇਹ ਬੇਖੌਫ਼ ਲੁੁਟੇਰੇ ਸਥਾਨਕ ਕਸਬੇ ਦੇ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਇਕ ਤਰ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੰਗਾਰ ਰਹੇ ਹਨ | ਜੇਕਰ ਗੱਲ ਕਰੀਏ ਤਾਂ ਸਥਾਨਕ ਕਸਬੇ ਅੰਦਰ ਚੋਰਾਂ ਨੇ ਇਕ ਹਫ਼ਤੇ ਵਿਚ ਚਾਰ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੱਤਾ ਪਰ ਅਜੇ ਤੱਕ ਕੋਈ ਵੀ ਫੜਿਆ ਨਹੀਂ ਗਿਆ | ਹਫ਼ਤਾ ਪਹਿਲਾ ਇਕ ਗੈਸ ਏਜੰਸੀ ਦਾ ਮੁਲਾਜ਼ਮ ਰੇਹੜ੍ਹੀ 'ਤੇ ਸਿਲੰਡਰ ਸਪਲਾਈ ਕਰ ਰਿਹਾ ਸੀ | ਜਦੋਂ ਉਹ ਥਾਣਾ ਸਿੱਧਵਾਂ ਬੇਟ ਤੋਂ ਕੁਝ ਦੂਰੀ 'ਤੇ ਸਾਬਕਾ ਪੁਲਿਸ ਮੁਲਾਜ਼ਮ ਕਿਰਨਾ ਰਾਣੀ ਦੇ ਘਰ ਅੰਦਰ ਸਿਲੰਡਰ ਰੱਖਣ ਗਿਆ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਲੁਟੇਰਾ ਰੇਹੜ੍ਹੀ ਤੋਂ ਗੈਸ ਦਾ ਭਰਿਆ ਸਿਲੰਡਰ ਲੈ ਕੇ ਫ਼ਰਾਰ ਹੋ ਗਿਆ ਅਤੇ ਵਿਚਾਰਾ ਸਿਲੰਡਰ ਵਾਲਾ ਵੇਖਦਾ ਹੀ ਰਹਿ ਗਿਆ | ਸਿਲੰਡਰ ਲਿਜਾ ਰਹੇ ਸਖ਼ਸ ਦੀ ਰਿਟਾ: ਥਾਣੇਦਾਰ ਗੁਲਜਾਰ ਸਿੰਘ ਦੇ ਘਰ ਸਾਹਮਣੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਤਸਵੀਰ ਕੈਦ ਹੋ ਗਈ | ਇਸੇ ਤਰ੍ਹਾਂ ਇਕ ਹੋਰ ਚੋਰ ਰਜੇਸ਼ ਕਰਿਆਨੇ ਵਾਲੇ ਦੇ ਘਰ ਅੱਗੇ ਪਿਆ ਮੰਜਾ ਚੁੱਕ ਕੇ ਲੈ ਗਿਆ | ਜਿਸ ਦੀ ਵੀ ਕੈਮਰੇ ਦੀ ਮਦਦ ਨਾਲ ਸ਼ਨਾਖਤ ਹੋ ਗਈ ਜੋ ਲਾਗਲੇ ਪਿੰਡ ਸਲੇਮਪੁਰਾ ਦਾ ਵਸਨੀਕ ਸੀ | ਪਤਾ ਲੱਗਾ ਕਿ ਨਸ਼ਿਆਂ ਦੇ ਸ਼ਿਕਾਰ ਇਸ ਨੌਜਾਵਨ ਨੇ ਚੋਰੀ ਕੀਤਾ ਮੰਜਾ ਅੱਗੇ ਸਿੱਧਵਾਂ ਬੇਟ-ਹੰਬੜਾਂ ਰੋਡ 'ਤੇ ਸਥਿੱਤ ਇਕ ਮੰਜਿਆਂ ਵਾਲੀ ਦੁਕਾਨ 'ਤੇ ਵੇਚ ਦਿੱਤਾ | ਦੋ ਦਿਨ ਪਹਿਲਾਂ ਹੀ ਪਿੰਡ ਸਲੇਮਪੁਰਾ ਦੇ ਇਕ ਘਰ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ ਹੋ ਗਿਆ | ਉਸ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਤਸਵੀਰ ਤੋਂ ਪਤਾ ਲੱਗਾ ਕਿ ਇਹ ਸਖਸ ਸਲੇਮਪੁਰਾ ਟਿੱਬਾ ਤੋਂ ਚਿੱਟਾ ਲੈਣ ਆਇਆ ਸੀ, ਜਾਂਦਾ ਹੋਇਆ ਮੋਟਰਸਾਈਕਲ ਚੁੱਕ ਕੇ ਲੈ ਗਿਆ | ਜਿਸ ਦੀ ਪਹਿਚਾਣ ਹੋ ਗਈ ਅਤੇ ਮੋਟਰਸਾਈਕਲ ਜਗਰਾਉਂ ਤੋਂ ਮਿਲ ਗਿਆ | ਇਸੇ ਤਰ੍ਹਾਂ ਲੰਘੀ ਸ਼ਾਮ ਸਥਾਨਕ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਬਾਜ਼ਾਰ ਵਿਚ ਜਿਵੇਂ ਹੀ ਇੰਦਰਜੀਤ ਸਾਈਕਲਾਂ ਵਾਲਾ ਸਕੂਟਰੀ 'ਤੇ ਵੜਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਚੋਰਾਂ ਨੇ ਉੇਸ ਕੋਲੋਂ ਬੈਗ ਖੋਹ ਲਿਆ ਅਤੇ ਆਰਾਮ ਨਾਲ ਫ਼ਰਾਰ ਹੋ ਗਏ | ਬੈਗ ਵਿਚ ਨਕਦੀ ਅਤੇ ਹੋਰ ਸਮਾਨ ਸੀ | ਇਸੇ ਤਰਾਂ ਕਈ ਹੋਰ ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਨਫ਼ਰੀ ਘੱਟ ਹੋਣ ਕਾਰਨ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ | ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਕਿਸੇ ਵੀ ਚੋਰ ਜਾਂ ਲੁਟੇਰੇ ਨੂੰ ਬਖਸ਼ਿਆ ਨਹੀਂ ਜਾਵੇਗਾ |