ਜਗਰਾਉਂ, 2 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੇ ਮੋਢਿਆਂ 'ਤੇ ਅਹਿਮ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਲਾਜ਼ਮੀ ਹੈ | ਇਹ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐੱਸ.ਆਰ.ਕਲੇਰ ਨੇ ਅੱਜ ਯੂਥ ਅਕਾਲੀ ਦਲ ਦੀ ਹੋਈ ਭਰਵੀਂ ਬੈਠਕ ਦੌਰਾਨ ਕੀਤੀ | ਯੂਥ ਆਗੂ ਸੰਦੀਪ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਨੇ ਵੱਡੇ ਜਲਸੇ ਦਾ ਰੂਪ ਧਾਰਨ ਕਰ ਲਿਆ ਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਯੂਥ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਦਿ੍ੜ ਕੀਤਾ | ਇਸ ਮੌਕੇ ਐੱਸ.ਆਰ ਕਲੇਰ ਨੇ ਆਖਿਆ ਕਿ ਸੂਬੇ ਦੀ 'ਆਪ' ਸਰਕਾਰ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ | ਉਨ੍ਹਾਂ ਆਖਿਆ ਕਿ ਅੱਜ ਹਜ਼ਾਰਾਂ ਨੌਕਰੀਆਂ ਦੇਣ ਦੇ ਝੂਠੇ ਦਾਅਵਿਆਂ ਨੇ ਸੱਤ੍ਹਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਹੈ, ਜਿਸ ਨਾਲ ਪੰਜਾਬ ਦੇ ਨੌਜ਼ਵਾਨਾਂ ਦੇ ਮਨਾਂ ਵਿਚ ਸਖ਼ਤ ਰੋਸ ਹੈ | ਸ੍ਰੀ ਕਲੇਰ ਨੇ ਇਲਾਕੇ ਦੇ ਨੌਜਵਾਨਾਂ ਨੂੰ ਚੇਤੰਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਨਵੀਂ ਪੀੜ੍ਹੀ ਦੇ ਭਵਿੱਖ ਦਾ ਰੌਸ਼ਨ ਸਿਤਾਰਾ ਹੈ, ਜਿਸ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅੱਜ ਸੂਬੇ ਦੀ ਸਰਕਾਰ ਗੈਂਗਸਟਰ ਕਲਚਰ ਦੇ ਨਾਂਅ ਹੇਠ ਪੰਜਾਬ ਦੀ ਜਵਾਨੀ ਦਾ ਇਨਕਾਊਾਟਰ ਕਰਕੇ ਹੱਸਦੇ-ਵੱਸਦੇ ਘਰਾਂ ਦੇ ਚਿਰਾਗ ਬੁਝਾ ਰਹੀ ਹੈ | ਗਰੇਵਾਲ ਨੇ ਆਖਿਆ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਹੋਵੇਗਾ | ਇਸ ਮੌਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ ਗਾਲਿਬ ਤੇ ਵੱਡੀ ਗਿਣਤੀ ਵਿਚ ਯੂਥ ਵਰਕਰ ਹਾਜ਼ਰ ਸਨ |