ਜਗਰਾਉਂ, 2 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ 2026-27 ਦਾ ਬਜਟ ਨੂੰ ਸਾਮਰਾਜੀ ਦਬਾਅ ਹੇਠ ਪੇਸ਼ ਕੀਤਾ ਬਜਟ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਕਾਰਪੋਰੇਟ ਘਰਾਣਿਆਂ ਦੇ ਪੱਖੀ ਅਤੇ ਆਮ ਲੋਕਾਂ ਦੇ ਵਿਰੁੱਧ ਭੁਗਤਣ ਵਾਲਾ ਬਜਟ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧੋਖਾ ਦੇਣ ਲਈ ਵਿਕਾਸ ਦਾ ਨਾਮ ਦਿੱਤਾ ਗਿਆ ਹੈ, ਪਰ ਲੋਕਾਂ ਨੂੰ ਮਨਫ਼ੀ ਕਰਕੇ ਸੜਕਾਂ ਆਦਿ ਨੂੰ ਵਿਕਾਸ ਕਹਿਣਾ ਸਰਾਸਰ ਧੋਖਾ ਹੈ | ਪ੍ਰਧਾਨ ਸੰਧੂ ਨੇ ਕਿਹਾ ਕਿ ਜ਼ਰੂਰਤ ਖੇਤੀ ਅਧਾਰਿਤ ਰੁਜ਼ਗਾਰ ਮੁਖੀ ਛੋਟੀ ਸਨਅਤ ਦੀ ਹੈ ਜਿਸ ਨਾਲ ਫ਼ਸਲੀ ਵਿਭਿੰਨਤਾ ਵੀ ਆਏਗੀ, ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਲੋਕ ਕਰਜ਼ਦਾਰੀ ਦੇ ਜਾਲ ਵਿਚ ਫਸ ਚੁੱਕੇ ਹਨ, ਮਿੱਟੀ, ਪਾਣੀ, ਹਵਾ ਸਭ ਦੂਸ਼ਿਤ ਹੋ ਚੁੱਕੇ ਹਨ, ਲਾਇਲਾਜ ਬਿਮਾਰੀਆਂ ਦੇ ਭੰਨੇ ਲੋਕ ਕੁਰਲਾਅ ਰਹੇ ਹਨ, ਇਹ ਸਭ ਲਈ ਬਜਟ 'ਚ ਕੁਝ ਵੀ ਨਹੀਂ |