ਜਗਰਾਉਂ, 26 ਫਰਵਰੀ (ਗੁਰਦੀਪ ਸਿੰਘ ਮਲਕ)-ਤਹਿਸੀਲ ਦਫ਼ਤਰ 'ਚ ਸਥਿਤ ਸੁਵਿਧਾ ਕੇਂਦਰ ਇਸ ਸਮੇਂ ਦੁਬਿਧਾ ਕੇਂਦਰ ਬਣ ਚੁੱਕਾ ਹੈ | ਇਸ ਸੁਵਿਧਾ ਕੇਂਦਰ 'ਚ ਸੱਤ ਕਾਊਾਟਰ ਹਨ, ਪਰ ਸਿਰਫ਼ ਦੋ ਕਾਉਟਰ ਚਾਲੂ ਹਨ | ਸਿੱਟੇ ਵਜੋਂ ਆਮ ਲੋਕ ਬੁਰੀ ਤਰ੍ਹਾਂ ਖੱਜ਼ਲ-ਖੁਆਰ ਹੋ ਰਹੇ ਹਨ | ਅਸਲਾ ਲਾਇਸੰਸ ਦੀ ਪ੍ਰਮਾਣਿਕਤਾ ਹਾਸਲ ਕਰਨ ਲਈ ਸਬੰਧਿਤ ਲੋਕ ਲਗਾਤਾਰ ਸੁਵਿਧਾ ਕੇਂਦਰ ਦੇ ਗੇੜੇ ਕੱਢਦੇ ਮੁੜ ਰਹੇ ਹਨ | ਬੈਠੇ ਕਾਮਿਆਂ ਦੇ ਦੱਸਣ ਮੁਤਾਬਿਕ ਸਾਰਾ ਸਟਾਫ਼ ਲੋਕਾਂ ਦੇ ਦਸ ਲੱਖ ਵਾਲੇ ਸਿਹਤ ਕਾਰਡ ਬਣਾਉਣ 'ਚ ਲਗਾਇਆ ਹੋਇਆ ਹੈ | ਜਾਣਕਾਰੀ ਦਿੰਦਿਆਂ ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਕੰਮ ਲਈ ਵਿਸ਼ੇਸ਼ ਸਟਾਫ਼ ਭਰਤੀ ਕਰਨਾ ਚਾਹੀਦਾ ਹੈ | ਵੋਟਾਂ ਦੀ ਸੁਧਾਈ (ਸਰ) ਦਾ ਕੰਮ ਵੱਡੀ ਤਦਾਦ 'ਚ ਅਧਿਆਪਕਾਂ ਨੂੰ ਦਿੱਤਾ ਹੋਇਆ ਹੈ | ਸਿੱਟੇ ਵਜੋਂ ਪਹਿਲਾਂ ਤੋਂ ਹੀ ਘੱਟ ਸਟਾਫ਼ ਨਾਲ ਗੁਜ਼ਾਰਾ ਚਲਾ ਰਹੇ ਸਾਰੇ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ ਰੱਬ ਆਸਰੇ ਚੱਲਣ ਲਈ ਮਜ਼ਬੂਰ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਰੋਸ ਪ੍ਰਗਟ ਕਰਨ ਲਈ ਦਫ਼ਤਰ 'ਚ ਨਾ ਤਾਂ ਏ.ਡੀ.ਸੀ, ਨਾ ਹੀ ਉੱਪ ਮੰਡਲ ਅਫ਼ਸਰ ਤੇ ਨਾ ਹੀ ਕੋਈ ਤਹਿਸੀਲਦਾਰ ਹਾਜ਼ਰ ਸੀ | ਲੋਕ ਦਿਹਾੜੀਆਂ ਤੋੜ, ਪੈਸੇ ਖ਼ਰਚ ਕਰ ਬੁੜ-ਬੁੜ ਕਰਦੇ ਮੁੜ ਜਾਂਦੇ ਹਨ, ਪਰ ਅਫ਼ਸਰਾਂ ਦੀਆਂ ਤਾਂ ਦਿਹਾੜੀਆਂ ਪੱਕੀਆਂ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਦਾ ਠੋਸ ਹੱਲ ਕਰਨ ਦੀ ਮੰਗ ਕੀਤੀ ਹੈ |