ਸਿੱਧਵਾਂ ਬੇਟ, 26 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਫਤਿਹਗੜ੍ਹ ਸਿਵੀਆਂ ਦੇ ਅਕਾਲੀ ਆਗੂ ਪ੍ਰਵਾਸੀ ਵੀਰ ਭੁਪਿੰਦਰ ਸਿੰਘ ਭਿੰਦਾ ਨੇ ਹਲਕੇ ਦੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੀ ਪ੍ਰੇਰਨਾਂ ਤੇ ਰਹਿਨੁਮਾਈ ਹੇਠ ਦਰਿਆ ਸਤਲੁਜ ਲਾਗਲੇ ਪਿੰਡ ਕੰਨੀਆਂ ਹੁਸੈਨੀ ਦੇ ਸਰਕਾਰੀ ਸਕੂਲ ਦੇ ਸਮੂਹ 120 ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਦੇ ਨਾਲ-ਨਾਲ ਪੀਣ ਵਾਲੇ ਪਾਣੀ ਲਈ ਵਾਟਰ ਕੈਂਪਰ ਅਤੇ ਹੋਰ ਲੋੜੀਂਦੀ ਸਮੱਗਰੀ ਭੇਂਟ ਕੀਤੀ | ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਨੇ ਆਖਿਆ ਕਿ ਅਸਲ ਵਿਚ ਸੱਤ ਸਮੁੰਦਰ ਪਾਰ ਰਹਿ ਕੇ ਆਪਣੇ ਦੇਸ਼ ਨਾਲ ਪਿਆਰ ਕਰਨ ਵਾਲੇ ਪ੍ਰਵਾਸੀ ਪੰਜਾਬੀ ਹੀ ਸਾਡੇ ਦੇਸ਼ ਦਾ ਸਰਮਾਇਆ ਹਨ | ਉਹ ਹਮੇਸ਼ਾਂ ਆਪਣੇ ਪੰਜਾਬ ਵੱਸਦੇ ਲੋੜਵੰਦ ਲੋਕਾਂ ਦੀ ਭਲਾਈ ਲਈ ਸੋਚਦੇ ਰਹਿੰਦੇ ਹਨ | ਕਲੇਰ ਨੇ ਭੁਪਿੰਦਰ ਸਿੰਘ ਭਿੰਦਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਇੰਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਅਤੇ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ | ਹੁਣ ਫਿਰ ਜਦੋਂ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਬਣੀ ਤਾਂ ਫਿਰ ਪਹਿਲਾਂ ਵਾਂਗ ਸਰਕਾਰੀ ਸਕੂਲਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਨੇ ਵੀ ਭਵਿੱਖ ਵਿਚ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਸਾਬਕਾ ਸਰਪੰਚ ਏਕਮ ਸਿੰਘ ਫਤਿਹਗੜ੍ਹ ਸਿਵੀਆਂ ਅਤੇ ਸਮੂਹ ਸਟਾਫ਼ ਨੇ ਵੀ ਪ੍ਰਵਾਸੀ ਪੰਜਾਬੀ ਭੁਪਿੰਦਰ ਸਿੰਘ ਦਾ ਧੰਨਵਾਦ ਕੀਤਾ |