11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜਗਰਾਉਂ 'ਚ ਈਰਾਨ 'ਤੇ ਅਮਰੀਕਾ-ਇਜ਼ਰਾਈਲ ਗਠਜੋੜ ਵਲੋਂ ਕੀਤੇ ਹਮਲੇ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-03-2026
ਜਗਰਾਉਂ, 2 ਮਾਰਚ (ਗੁਰਦੀਪ ਸਿੰਘ ਮਲਕ)- ਈਰਾਨ ਉੱਪਰ ਅਮਰੀਕਾ ਅਤੇ ਇਜ਼ਰਾਈਲ ਸਮੇਤ ਨਾਟੋ ਗੁੱਟ ਵਲੋਂ ਕੀਤੇ ਗਏ ਹਮਲੇ ਖ਼ਿਲਾਫ਼ ਅੱਜ ਇਲਾਕੇ ਦੀਆਂ ਜਮਹੂਰੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਥਾਨਕ ਕਮੇਟੀ ਪਾਰਕ ਵਿਚ ਵਿਰੋਧ ਰੈਲੀ ਕੀਤੀ | ਜਥੇਬੰਦੀਆਂ ਨੇ ਇਸ ਹਮਲੇ ਨੂੰ ਇਕ ਤਰਫਾ ਬੇਹੱਦ ਸ਼ਰਮਨਾਕ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਅਮਨ ਸੰਧੀਆਂ ਦੀ ਸਖ਼ਤ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ | ਇਸ ਸਮੇਂ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੰਸਾਰ ਭਰ 'ਚ ਆਪਣੇ ਫ਼ੌਜੀ ਬਲ ਨਾਲ ਹੁਣ ਤੱਕ ਦਰਜਨਾਂ ਮੁਲਕਾਂ 'ਚ ਰਾਜ ਪਲਟੇ ਕਰਵਾ ਚੁੱਕਾ ਤੇ ਕਰਵਾ ਰਿਹਾ | ਅਮਰੀਕਨ ਸਾਮਰਾਜ ਸੰਸਾਰ ਭਰ 'ਚ ਲੋਕਾਂ ਦੇ ਆਮ ਜਨਜੀਵਨ ਨੂੰ ਸੂਲੀ 'ਤੇ ਟੰਗ ਰਿਹਾ ਹੈ | ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਇਜ਼ਰਾਈਲ ਲਈ ਖ਼ਤਰੇ ਦਾ ਡਰਾਮਾ ਰਚ ਕੇ ਕੀਤਾ ਇਹ ਹਮਲਾ ਅਸਲ 'ਚ ਦੁਨੀਆਂ ਭਰ 'ਚ ਉਸਦੀ ਖੁਰ ਰਹੀ ਚੌਧਰ ਨੂੰ ਬਚਾਉਣ ਦਾ ਇਕ ਕੋਝਾ ਯਤਨ ਹੈ | ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਇਰਾਕ ਨੂੰ ਤਬਾਹ ਕਰਨ ਤੋਂ ਬਾਅਦ ਉਸ ਦਾ ਅਸਲ ਨਿਸ਼ਾਨਾ ਈਰਾਨ ਦੇ ਤੇਲ 'ਤੇ ਕਬਜ਼ਾ ਕਰਨਾ ਹੈ | ਉਸ ਦਾ ਦੂਸਰਾ ਮਕਸਦ ਬਰਿਕਸ ਦੇਸ਼ਾਂ ਅਤੇ ਰੂਸ ਚੀਨ ਤੋਂ ਪੈਦਾ ਹੋ ਰਹੇ ਚੈਲੰਜ ਨੂੰ ਰੋਕਣਾ ਹੈ | ਅਮਰੀਕਾ ਨੇ ਮੱਧ ਪੂਰਬ ਦੇ ਬਹੁਤੇ ਮੁਲਕਾਂ 'ਚ ਆਪਣੀਆਂ ਕਠਪੁਤਲੀ ਸਰਕਾਰਾਂ ਬਣਾ ਕੇ ਉਥੇ ਵੱਡੇ ਫੌਜੀ ਅੱਡੇ ਬਣਾ ਰੱਖੇ ਹਨ | ਉਨ੍ਹਾਂ ਕਿਹਾ ਕਿ ਈਰਾਨ ਦਾ ਰਾਸ਼ਟਰਪਤੀ ਈਰਾਨੀ ਲੋਕਾਂ ਲਈ ਮਾੜਾ ਹੈ ਜਾਂ ਚੰਗਾ ਇਸ ਦਾ ਫ਼ੈਸਲਾ ਈਰਾਨੀ ਲੋਕਾਂ ਨੇ ਕਰਨਾ ਹੈ, ਅਮਰੀਕਾ ਨੂੰ ਇਹ ਵਹਿਸ਼ੀ ਕਤਲੇਆਮ ਰਚਾਉਣ ਦਾ ਕੋਈ ਹੱਕ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਤਬਾਹਕੁੰਨ ਹਮਲੇ ਨੇ ਈਰਾਨ 'ਚ ਭਾਰੀ ਨੁਕਸਾਨ ਕੀਤਾ ਹੈ | ਇਕ ਸਕੂਲ 'ਤੇ ਬੰਬ ਸੁੱਟ ਕੇ ਇਕ ਸੌ ਦੇ ਕਰੀਬ ਮਾਸੂਮ ਬੱਚਿਆਂ ਦੇ ਲਹੂ ਨਾਲ ਆਪਣੇ ਹੱਥ ਰੰਗੇ ਹਨ | ਬੁਲਾਰਿਆਂ ਨੇ ਮੋਦੀ ਸਰਕਾਰ ਵਲੋਂ ਇਸ ਹਮਲੇ ਸਬੰਧੀ ਧਾਰੀ ਸ਼ਰਮਨਾਕ ਚੁੱਪ ਨੂੰ ਅਮਰੀਕਾ ਦੀ ਗੁਲਾਮੀ ਕਰਾਰ ਦਿੰਦਿਆਂ ਕਿਹਾ ਕਿ ਅਰਬ ਖਿੱਤੇ 'ਚ ਇਸ ਜੰਗ ਕਾਰਨ ਮਾਰੇ ਜਾਣ ਵਾਲੇ ਭਾਰਤੀਆਂ ਅਤੇ ਹੋਰ ਲੋਕਾਂ ਦੀ ਮੌਤ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਜੇ ਇਹ ਜੰਗ ਫੈਲਦੀ ਹੈ ਤਾਂ ਅਰਬ ਦੇਸ਼ਾਂ 'ਚ ਦਸ ਲੱਖ ਭਾਰਤੀਆਂ ਦੀ ਜਾਨ ਅਣਸੁਖਿਅਤ ਹੋ ਜਾਵੇਗੀ | ਉਨ੍ਹਾਂ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਮਾਰੂ ਜੰਗ ਖ਼ਿਲਾਫ ਸੜਕਾਂ 'ਤੇ ਉੱਤਰਨ ਦਾ ਸੱਦਾ ਦਿੱਤਾ ਹੈ | ਬੁਲਾਰਿਆਂ ਵਿਚ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਏਟਕ ਆਗੂ ਗੁਰਦੀਪ ਸਿੰਘ ਮੋਤੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਪੈਨਸ਼ਨਰ ਐਸੋਸੀਏਸ਼ਨ ਦੇ ਅਸ਼ੋਕ ਭੰਡਾਰੀ ਨੇ ਸੰਬੋਧਨ ਕੀਤਾ | ਇਸ ਉਪਰੰਤ ਰਾਏਕੋਟ ਰੋਡ, ਝਾਂਸੀ ਚੌਂਕ, ਤਹਿਸੀਲ ਰੋਡ 'ਤੇ ਅਮਰੀਕਾ ਇਜ਼ਰਾਈਲ ਨਾਟੋ ਗੱਠਜੋੜ ਖ਼ਿਲਾਫ਼ ਅਤੇ ਈਰਾਨ ਦੇ ਹੱਕ 'ਚ ਜ਼ਬਰਦਸਤ ਰੋਹ ਭਰਪੂਰ ਮਾਰਚ ਕੀਤਾ ਗਿਆ | ਇਸ ਸਮੇਂ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਫੂਡ ਐਂਡ ਅਲਾਈਡ ਵਰਕਰਜ ਆਗੂ ਅਵਤਾਰ ਸਿੰਘ ਬਿੱਲਾ, ਕਿਸਾਨ ਆਗੂ ਹਰਦੇਵ ਸਿੰਘ ਅਖਾੜਾ, ਕੁੰਡਾ ਸਿੰਘ ਕਾਉਂਕੇ, ਜਸਵੰਤ ਸਿੰਘ ਕਲੇਰ, ਮਾਸਟਰ ਅਵਤਾਰ ਸਿੰਘ, ਰਾਮਜੀ ਦਾਸ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਰੂਮੀ, ਧਰਮ ਸਿੰਘ ਸੂਜਾਪੁਰ, ਮੁਹੰਮਦ ਅਸ਼ਰਫ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਦਾਖ਼ਲਾ ਮੁਹਿੰਮ ਤਹਿਤ ਰੈਲੀ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਵਿਖੇ 'ਤਖ਼ਤ ਵੰਗਾਰੇ ਅਣਖ ਨੂੰ ' ਨਾਟਕ ਦਾ ਸਫ਼ਲ ਮੰਚਨ
Ad Position 24