ਜਗਰਾਉਂ, 2 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਹਰ ਸਾਲ ਦੀ ਤਰ੍ਹਾਂ ਐਤਕੀ ਵੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਵਲੋਂ ਹੋਲਾ ਮਹੱਲਾ ਨੂੰ ਸਮਰਪਿਤ ਸਮਾਗਮ 4 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ 3:30 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਖੇਡਾਂ ਦੇ ਪ੍ਰਦਰਸ਼ਨ, ਸੁੰਦਰ ਲਿਖਾਈ ਦੇ ਮੁਕਾਬਲੇ, ਚਿੱਤਰ ਕਲਾ ਮੁਕਾਬਲਾ, ਗੁਰਬਾਣੀ ਕੰਠ ਕਰਕੇ ਸੁਣਾਉਣੀ ਅਤੇ ਹੋਰ ਵੀ ਕਈ ਮੁਕਾਬਲੇ ਬੱਚਿਆਂ ਤੇ ਵੱਡਿਆਂ ਦੇ ਕਰਵਾਏ ਜਾਣਗੇ | ਸਮਾਗਮ ਦੇ ਇੰਚਾਰਜ ਭਾਈ ਸੁਖਜੀਤ ਸਿੰਘ, ਸ: ਜਗਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦਾ ਮਨੋਰਥ ਬੱਚੇ, ਬੱਚੀਆਂ ਤੇ ਨੌਜਵਾਨਾਂ ਨੂੰ ਰੰਗਾਂ ਰਾਹੀਂ ਹੋਲੀ ਖੇਡ ਕੇ ਇਕ ਦੂਜੇ ਨੂੰ ਬਦਰੰਗ ਕਰਨ ਤੋਂ ਰੋਕਣਾ ਹੈ ਜਿਸ ਵਿਚ ਸੰਸਥਾ ਨੂੰ ਸਫ਼ਲਤਾ ਵੀ ਮਿਲੀ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਢਾਡੀ ਵਾਰਾਂ, ਸਵਾਲ ਜਵਾਬ, ਲੈਕਚਰ ਅਤੇ ਮਾਰਸ਼ਲ ਖੇਡ ਗੱਤਕਾ ਦਾ ਵੀ ਪ੍ਰਦਰਸ਼ਨ ਹੋਵੇਗਾ | ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਬੱਚੀਆਂ ਨੂੰ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਤਾਂ ਕਿ ਨੌਜਵਾਨ ਆਪਣੇ ਵਿਰਸੇ ਤੋਂ ਜਾਣੂੰ ਹੋ ਕੇ ਆਪਣੇ ਵਿਰਸੇ 'ਤੇ ਮਾਣ ਕਰ ਸਕਣ | ਜੇਤੂਆਂ ਨੂੰ ਆਕਰਸ਼ਿਤ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ | ਸਮਾਗਮ ਦੀ ਰੂਪ ਰੇਖਾ ਦਾ ਪੋਸਟਰ ਜਾਰੀ ਕਰਨ ਸਮੇਂ ਭਾਈ ਸੁਖਜੀਤ ਸਿੰਘ, ਭਾਈ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲੈਕਚਰਰ ਸਤਨਾਮ ਸਿੰਘ, ਜਸਪਾਲ ਸਿੰਘ ਭੱਟੀ, ਜਪਨੂਰ ਸਿੰਘ, ਗੁਰਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |