ਮੁੱਲਾਂਪੁਰ-ਦਾਖਾ, 7 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਅੱਡਾ ਦਾਖਾ ਮੰਡਲ ਦੀ ਭਰਵੀਂ ਇਕੱਤਰਤਾ ਡਵੀਜ਼ਨ ਪ੍ਰਧਾਨ ਜਗਤਾਰ ਸਿੰਘ ਸੇਖੂਪੁਰਾ ਦੀ ਪ੍ਰਧਾਨਗੀ ਹੇਠ ਹੋਈ | ਪੈਨਸ਼ਨਰਾਂ ਨੂੰ ਡਿਜ਼ੀਟਲ ਲਾਈਵ ਸਰਟੀਫ਼ਿਕੇਟ ਜਮ੍ਹਾਂ ਕਰਵਾਉਣ ਦੇ ਫੁਰਮਾਨ ਨੂੰ ਲੈ ਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਪਾਵਰਕਾਮ ਮੈਨੇਜਮੈਂਟ ਦੇ ਨਾਂਅ ਇਕ ਮੰਗ ਪੱਤਰ ਕਾਰਜਕਾਰੀ ਇੰਜੀਨੀਅਰ ਅੱਡਾ ਦਾਖਾ ਨੂੰ ਸੌਂਪਿਆ ਗਿਆ | ਉਪਰੰਤ ਪੈਨਸ਼ਨਰਾਂ ਨੂੰ ਸੰਬੋਧਨ ਸਮੇਂ ਪ੍ਰਧਾਨ ਸ਼ੇਖੂਪੁਰਾ ਨੇ ਕਿਹਾ ਕਿ ਮੈਨੇਜਮੈਂਟ ਵਲੋਂ ਪਾਵਰਕਾਮ ਪੈਨਸ਼ਨਰਾਂ ਉੱਪਰ ਠੋਸਿਆ ਡਿਜ਼ੀਟਲ ਲਾਈਵ ਸਰਟੀਫ਼ਿਕੇਟ ਜਮ੍ਹਾਂ ਕਰਵਾਉਣ ਦਾ ਫ਼ੁਰਮਾਨ ਬੇਹੱਦ ਗਲਤ ਹੈ | ਸੀਨੀਅਰ ਨਾਗਰਿਕਾਂ ਨੂੰ ਉਮਰ ਦੇ ਇਸ ਪੜਾਅ 'ਤੇ ਖੱਜਲ ਖੁਆਰ ਕਰਨ ਦੀ ਨੀਤੀ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਛਪਿਆ ਫਾਰਮ ਭਰਕੇ ਲਾਈਵ ਸਰਟੀਫ਼ਿਕੇਟ ਦੇਣ ਦਾ ਅਮਲ ਬਹਾਲ ਰੱਖੀ ਜਾਵੇ | ਸਰਕਲ ਆਗੂ ਚਰਨ ਸਿੰਘ ਸੁਧਾਰ ਵਲੋਂ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰਨ ਦੇ ਹਾਈਕੋਰਟ 'ਚ ਪੇਸ਼ ਕੀਤੇ ਹਲਫ਼ੀਆ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਰਕਾਰ ਆਪਣੀ ਫੋਕੀ ਵਾਹ ਵਾਹ ਕਰਾਉਣ ਲਈ ਇਸ਼ਤਿਹਾਰਬਾਜ਼ੀ ਉੱਪਰ ਤਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਪਰ ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ | ਪੈਨਸ਼ਨਰਜ ਆਗੂ ਭੁਪਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਲਾਗੂ ਨਹੀਂ ਕਰ ਰਹੀ | ਸੀਨੀਅਰ ਮੁਲਾਜ਼ਮ ਆਗੂ ਕੰਵਲਜੀਤ ਖੰਨਾ ਵਲੋਂ ਪੈਨਸ਼ਨਰਜ ਸਾਥੀਆਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਣ ਦਾ ਸੱਦਾ ਦਿੱਤਾ | ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਸਮੇਂ ਦਰਸ਼ਨ ਸਿੰਘ ਸਹੌਲੀ, ਗੁਰਮੁਖ ਸਿੰਘ, ਗੁਰਮੇਲ ਸਿੰਘ ਢੱਟ, ਸੁਰੇਸ਼ ਕੁਮਾਰ, ਕੁਲਵਿੰਦਰ ਸਿੰਘ ਸਰਾਭਾ, ਸੁਰਜੀਤ ਸਿੰਘ ਬੁਢੇਲ, ਹੋਰ ਮੌਜੂਦ ਸਨ |
ਮੰਡਲ ਦਾਖਾ ਵਿਖੇ ਪਾਵਰਕਾਮ ਪੈਨਸ਼ਨਰਜ਼ ਐਸੋ: ਵਲੋਂ ਡਿਜ਼ੀਟਲ ਲਾਈਵ ਸਰਟੀਫ਼ਿਕੇਟ ਖ਼ਿਲਾਫ਼ ਰੋਸ ਪ੍ਰਦਰਸ਼ਨ
ਅਜੀਤ ਡੈਸਕ
08-04-2026