ਮੁੱਲਾਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਪੜ੍ਹਾਈ, ਖੇਡਾਂ, ਧਾਰਮਿਕ ਗਤੀਵਿਧੀਆਂ ਦੇ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਅਦਾਰੇ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਉਚੇਚਾ ਪਹੁੰਚੇ, ਉਨ੍ਹਾਂ ਨਾਲ ਉੱਪ ਪ੍ਰਧਾਨ ਮਨਜੀਤ ਕੌਰ, ਅਪਰ ਅਪਾਰ ਸਿੰਘ, ਰਣਜੀਤ ਕੌਰ ਗਰੇਵਾਲ, ਹਰਦੇਵ ਸਿੰਘ ਗਰੇਵਾਲ, ਹੋਰ ਮੌਜੂਦ ਰਹੇ | ਸ਼ਮ੍ਹਾਂ ਰੌਸ਼ਨ ਨਾਲ ਸ਼ੁਰੂ ਸਮਾਗਮ ਦੀ ਆਰੰਭਤਾ ਸਮੇਂ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ | ਸਮਾਰੋਹ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਲਗਨ ਨਾਲ ਕੀਤੀ ਮਿਹਨਤ ਦਾ ਫ਼ਲ ਜ਼ਰੂਰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਚੰਗੇ ਭਵਿੱਖ ਲਈ ਦਿ੍ੜ ਸੰਕਲਪ ਅਤੇ ਦੂਰ ਅੰਦੇਸ਼ੀ ਸੋਚ ਦੇ ਧਾਰਨੀ ਬਣਨ, ਅਜਿਹਾ ਕਰਨ ਨਾਲ ਹਰ ਮੰਜ਼ਿਲ ਅਸਾਨੀ ਨਾਲ ਤੈਅ ਹੋ ਜਾਂਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਲਈ ਪ੍ਰੇਰਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕੈਪਟਨ ਜਗੀਰ ਸਿੰਘ ਦੇ ਪਰਿਵਾਰ 'ਚੋਂ ਜਸਵਿੰਦਰ ਕੌਰ, ਹਰਵਿੰਦਰ ਕੌਰ, ਚਰਨਜੀਤ ਕੌਰ, ਬਲਵਿੰਦਰ ਸਿੰਘ ਧਾਲੀਵਾਲ ਵਲੋਂ 11 ਮੋਹਰੀ ਵਿਦਿਆਰਥੀਆਂ ਲਈ ਨਕਦ ਸਹਾਇਤਾ ਰਾਸ਼ੀ ਦਿੱਤੀ ਗਈ | ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਖੇਤਰ ਵਿਚ ਅਹਿਮ ਪ੍ਰਾਪਤੀਆਂ ਵਾਲੇ ਕੁੱਲ 23 ਵਿਦਿਆਰਥੀਆਂ ਨੂੰ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ | ਸਾਲਾਨਾ ਪ੍ਰੀਖਿਆਵਾਂ ਦੌਰਾਨ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ 33 ਵਿਦਿਆਰਥੀਆਂ ਦੇ ਨਾਲ ਖੇਡਾਂ ਦੇ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ 10 ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ | ਸਰਵੋਤਮ ਲਾਇਬ੍ਰੇਰੀ ਯੂਜਰ ਦੇ ਨਾਲ ਕਾਲਜ ਦੀ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕਰਨ ਵਾਲੇ ਵਿਅਕਤੀਆਂ ਦਾ ਵੀ ਸਨਮਾਨ ਹੋਇਆ | ਸਮਾਰੋਹ ਦੇ ਅੰਤ ਵਿਚ ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਨੇ ਸਮੁੱਚੀ ਪ੍ਰਬੰਧਕ ਕਮੇਟੀ, ਵਿਦਿਆਰਥੀ, ਪ੍ਰੋਫੈਸਰਾਂ ਦਾ ਧੰਨਵਾਦ ਕੀਤਾ |