ਸਿੱਧਵਾਂ ਬੇਟ, 5 ਮਈ (ਜਸਵੰਤ ਸਿੰਘ ਸਲੇਮਪੁਰੀ)-ਲੰਘੇ ਦਿਨੀਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਵਿਚ ਦਰਿਆ ਸਤਲੁਜ ਤੋਂ ਪਾਰ ਪੈਂਦੇ ਪਿੰਡ ਮੱਧੇਪੁਰਾ ਦੀ ਹਦੂਦ ਅੰਦਰ ਅਤੇ ਦਰਿਆ ਸਤਲੁਜ ਦੇ ਬੰਨ੍ਹ ਨਜ਼ਦੀਕ ਜ਼ਿਲ੍ਹਾ ਜਲੰਧਰ ਦੇ ਥਾਣਾ ਮਹਿਤਪੁਰ ਵਿਚ ਪੈਂਦੇ ਪਿੰਡ ਉਦੋਵਾਲ ਦੇ ਇਕ ਨੌਜਵਾਨ ਜਸਵਿੰਦਰ ਸਿੰਘ ਉਰਫ਼ ਏਕਮ ਦੀ ਲਾਸ਼ ਮਿਲਣ ਉਪਰੰਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਮਿ੍ਤਕ ਨੌਜਵਾਨ ਦੇ ਕਾਤਲਾਂ ਨੂੰ ਦਬੋਚਣ ਲਈ ਪੱਬਾਂ ਭਾਰ ਹੋ ਗਈ ਹੈ | ਇਸ ਸੰਬੰਧੀ ਮਿ੍ਤਕ ਦੇ ਭਰਾ ਸੁਖਵਿੰਦਰ ਸਿੰਘ ਨੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐਸ.ਆਈ. ਅਮਰਜੀਤ ਸਿੰਘ ਨੂੰ ਦੱਸਿਆ ਕਿ 1 ਮਈ ਦੀ ਰਾਤ ਨੂੰ ਮੇਰਾ ਭਰਾ ਅਤੇ ਉਸ ਦਾ ਦੋਸਤ ਜਸ਼ਨਦੀਪ ਸਿੰਘ ਉਰਫ ਕਾਲੂ ਵਾਸੀ ਤੰਦਾਉਰਾ ਮੇਰੇ ਘਰ ਰੁਕੇ ਸਨ | ਦੋ ਮਈ ਦੀ ਸਵੇਰ ਦੋਹੇਂ ਘਰੋਂ ਚਲੇ ਗਏ | ਪਰ ਜਦੋਂ ਜਸਵਿੰਦਰ ਸਿੰਘ ਸ਼ਾਮ ਨੂੰ ਘਰ ਨਾ ਪਰਤਿਆ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ | ਫਿਰ ਮੈਂ 3 ਮਈ ਦੀ ਸਵੇਰ ਨੂੰ ਜਸ਼ਨਦੀਪ ਸਿੰਘ ਪਿੰਡ ਜਾ ਕੇ ਉਸ ਨੂੰ ਜਸਵਿੰਦਰ ਸਿੰਘ ਬਾਰੇ ਪੁੱਛਿਆ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕਿਆ | ਜਿਸ 'ਤੇ ਮੈਨੂੰ ਸ਼ੱਕ ਹੋ ਗਿਆ ਕਿ ਜਸਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ | ਅਸੀਂ ਫਿਰ ਜਸਵਿੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਸ ਦੀ ਲਾਸ਼ ਦਰਿਆ ਸਤਲੁਜ ਕੋਲੋਂ ਮਿਲ ਗਈ | ਜਿਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ | ਦੂਜੇ ਪਾਸੇ ਥਾਣਾ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਜਸਵਿੰਦਰ ਸਿੰਘ ਕਾਤਲਾਂ ਦੀ ਪੈੜ ਨੱਪੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ | ਉਨ੍ਹਾਂ ਨੇ ਇਸ ਮਾਮਲੇ ਵਿਚ ਇਕ ਮੋਟਰਸਾਈਕਲ ਬਰਾਮਦ ਹੋਣ ਦੀ ਵੀ ਗੱਲ ਆਖੀ ਗਈ |