ਚੌਂਕੀਮਾਨ, 12 ਮਈ (ਤੇਜਿੰਦਰ ਸਿੰਘ ਚੱਢਾ)-ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਸਰਹਿੰਦ ਫ਼ਤਹਿ ਦਿਵਸ ਮਨਾਇਆ ਗਿਆ | ਪ੍ਰਾਰਥਨਾ ਸਭਾ ਮੌਕੇ ਮੈਡਮ ਹਰਮਨਦੀਪ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸੰਘਰਸ਼, ਜਿੱਤਾਂ ਅਤੇ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਅਭੀਨੀਤ ਕੌਰ, ਜਪੁਜੀ ਕੌਰ, ਹਰਸੀਰਤ ਕੌਰ, ਸੁਪਰੀਤ ਕੌਰ,ਹਰਲੀਨ ਕੌਰ ਨੇ ਕਵੀਸ਼ਰੀ 'ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬੇ ਸਰਹਿੰਦਾਂ' ਪੇਸ਼ ਕੀਤੀ | ਸਕੂਲ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਸਰਹਿੰਦ ਫ਼ਤਹਿ ਦਿਵਸ ਮੌਕੇ ਬਹਾਦਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਪੂਰਵਕ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੇ ਫੁਰਮਾਨ ਨਾਲ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਡਾ ਗੌਰਵਮਈ ਇਤਿਹਾਸ ਅਤੇ ਕੁਰਬਾਨੀਆਂ ਸਾਡੇ ਜੀਵਨ ਨੂੰ ਸਵੈ-ਮਾਣ ਨਾਲ ਭਰਦਾ ਹੈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਦੇਗ ਵਰਤਾਈ ਗਈ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ |