ਲੋਹਟਬੱਦੀ, 12 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਪੁਲਿਸ ਚੌਕੀ ਲੋਹਟਬੱਦੀ ਦੇ ਚੌਕੀ ਇੰਚਾਰਜ ਮੁਹੰਮਦ ਬੂਟਾ ਖਾਂ ਨੇ ਇਕ ਅਦਾਲਤ ਮਾਮਲੇ ’ਚੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੜੂੰਦੀ ਸਥਿਤ ਇਕ ਹੋਟਲ ਮਾਲਕ ਗੁਰਵੰਤ ਸਿੰਘ ਪੁੱਤਰ ਕੁਲਵੰਤ ਸਿੰਘ ਪਾਸੋਂ ਪਿੰਡ ਲੀਲ ਦੇ ਅਮਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਨੇ ਕਰੀਬ 2022-2023 ਦਰਮਿਆਨ ਆਪਣੀ ਭੈਣ ਦੇ ਵਿਆਹ ਸਮੇਂ ਪੈਲੇਸ ’ਚ ਖਾਣ ਪੀਣ ਦੀਆਂ ਵਸਤਾਂ, ਕੈਟਰਿੰਗ ਦਾ ਕੰਮ ਕਰਵਾਇਆ ਸੀ। ਇਸ ਦੇ ਬਦਲੇ ਅਮਨਦੀਪ ਸਿੰਘ ਨੇ ਗੁਰਵੰਤ ਸਿੰਘ ਨੂੰ 1.50 ਲੱਖ ਦਾ ਇਕ ਚੈੱਕ ਦਿੱਤਾ ਸੀ ਜੋ ਕਿ ਬੈਂਕ ’ਚ ਲਗਾਉਣ ’ਤੇ ਬਾਊਂਸ ਹੋ ਗਿਆ। ਇਹ ਮਾਮਲਾ ਪੀੜਤ ਧਿਰ ਵਲੋਂ ਅਦਾਲਤ ਜਗਰਾਉਂ ’ਚ ਕੰਪਲੇਟ ਕੇਸ ਦਾਇਰ ਕੀਤਾ ਗਿਆ। ਇਸ ਮਾਮਲੇ ’ਚ ਅਮਨਦੀਪ ਸਿੰਘ ਵਲੋਂ ਸਹੀ ਤਰੀਕੇ ਨਾਲ ਪੇਸ਼ ਨਾ ਹੋਣ ਕਾਰਨ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਇਸ ਮਾਮਲੇ ’ਚ ਅਦਾਲਤ ਨੇ ਚੌਕੀ ਲੋਹਟਬੱਦੀ ਇੰਚਾਰਜ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਕਰਨ ਦੇ ਹੁਕਮ ਸੁਣਾਏ ਗਏ। ਅੱਜ ਸਵੇਰੇ ਮੁਹੰਮਦ ਬੂਟਾ ਖਾਂ ਨੇ ਜਿਉਂ ਹੀ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੇ ਅਦਾਲਤ ’ਚ ਪੇਸ਼ ਕੀਤਾ ਤਾਂ ਦੋਵਾਂ ਧਿਰਾਂ ਦਾ ਆਪਸੀ ਰਾਜੀਨਾਮਾ ਵੀ ਹੋ ਗਿਆ, ਪ੍ਰੰਤੂ ਅਦਾਲਤ ਨੇ ਅਮਾਨਤ ’ਚ ਖਿਆਨਤ ਦੇ ਦੋਸ਼ਾਂ ਅਧੀਨ ਰਾਜੀਨਾਮਾ ਮਨਜ਼ੂਰ ਨਾ ਕਰਦਿਆਂ ਅਗਲੇ ਹੁਕਮਾਂ ਤੱਕ ਭਗੌੜੇ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ।
ਲੋਹਟਬੱਦੀ ਪੁਲਿਸ ਵਲੋਂ ਅਦਾਲਤੀ ਕੇਸ ਦਾ ਭਗੌੜਾ ਗ੍ਰਿਫ਼ਤਾਰ
ਅਜੀਤ ਡੈਸਕ
13-07-2026