ਭੂੰਦੜੀ, 14 ਜੁਲਾਈ (ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਸਕੂਲ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੀ ਯੋਗਤਾ, ਲੀਡਰਸ਼ਿਪ ਅਤੇ ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਗਈ ਅਤੇ ਨਵੀਂ ਕੈਬਨਿਟ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸੀਨੀਅਰ ਵਰਗ ਵਿੱਚ ਗਿਆਰ੍ਹਵੀਂ ਜਮਾਤ ਦੇ ਹਰਕੀਰਤ ਸਿੰਘ ਨੂੰ ਹੈੱਡ ਬੁਆਏ ਅਤੇ ਬਾਰ੍ਹਵੀਂ ਜਮਾਤ ਦੀ ਰਾਜਦੀਪ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਹਾਊਸ ਕੈਪਟਨ ਦੇ ਨਾਲ-ਨਾਲ ਸਾਰੀਆਂ ਕਲਾਸਾਂ ਲਈ ਕਲਾਸ ਮੌਨੀਟਰ ਵੀ ਚੁਣੇ ਗਏ। ਸਮਾਗਮ ਦੌਰਾਨ ਨਵ-ਚੁਣੇ ਅਹੁਦੇਦਾਰਾਂ ਨੇ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁੱਕੀ। ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਪਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਨਵ-ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਅਹੁਦਿਆਂ ਦੀ ਮਰਿਆਦਾ ਕਾਇਮ ਰੱਖਣ ਅਤੇ ਪੂਰੀ ਤਨਦੇਹੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਆਪਣਾ ਫ਼ਰਜ਼ ਨਿਭਾਉਣ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।