10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਟਵਾਰੀਆਂ ਦੀ ਹੜਤਾਲ ਕਾਰਨ ਮਾਲ ਵਿਭਾਗ ਦੇ ਕੰਮ ਰਹੇ ਠੱਪ ਫ਼ਰਦ, ਇੰਤਕਾਲ ਤੇ ਜਮ੍ਹਾਂਬੰਦੀ ਦੇ ਕੰਮ ਨਾ ਹੋਣ ਕਾਰਨ ਲੋਕ ਹੋਏ ਖੱਜਲ-ਖੁਆਰ

Ad Position 21
No active advertisement
ਅਜੀਤ ਡੈਸਕ 25-07-2026
ਜਗਰਾਉਂ, 24 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਭਰ ਵਿੱਚ ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਕੀਤੀ ਗਈ ਇੱਕ ਰੋਜ਼ਾ ਹੜਤਾਲ ਦਾ ਅਸਰ ਜਗਰਾਉਂ ਵਿੱਚ ਵੀ ਪੂਰੀ ਤਰ੍ਹਾਂ ਵੇਖਣ ਨੂੰ ਮਿਲਿਆ। ਹੜਤਾਲ ਕਾਰਨ ਤਹਿਸੀਲ ਦਫ਼ਤਰ ਅਤੇ ਮਾਲ ਵਿਭਾਗ ਦਾ ਜ਼ਿਆਦਾਤਰ ਕੰਮਕਾਜ ਪ੍ਰਭਾਵਿਤ ਰਿਹਾ, ਜਿਸ ਨਾਲ ਜ਼ਮੀਨ ਨਾਲ ਸਬੰਧਤ ਕੰਮ ਕਰਵਾਉਣ ਲਈ ਪਹੁੰਚੇ ਸੈਂਕੜੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਸਵੇਰ ਤੋਂ ਹੀ ਤਹਿਸੀਲ ਕੰਪਲੈਕਸ ਵਿੱਚ ਫਰਦ, ਇੰਤਕਾਲ, ਜਮਾਬੰਦੀ ਦੀਆਂ ਨਕਲਾਂ, ਤਕਸੀਮ, ਰਿਕਾਰਡ ਦਰੁਸਤਗੀ ਅਤੇ ਹੋਰ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਲਈ ਲੋਕਾਂ ਦੀ ਭੀੜ ਲੱਗੀ ਰਹੀ। ਪਰ ਪਟਵਾਰੀਆਂ ਦੇ ਹੜਤਾਲ ‘ਤੇ ਹੋਣ ਕਾਰਨ ਇਹ ਕੰਮ ਨਹੀਂ ਹੋ ਸਕੇ। ਨਤੀਜੇ ਵਜੋਂ ਲੋਕਾਂ ਨੂੰ ਘੰਟਿਆਂ ਉਡੀਕ ਕਰਨ ਤੋਂ ਬਾਅਦ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ। ਕਈ ਲੋਕ ਦੂਰ-ਦੁਰਾਡੇ ਪਿੰਡਾਂ ਤੋਂ ਆਪਣੇ ਕੰਮ ਲਈ ਜਗਰਾਉਂ ਤਹਿਸੀਲ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਆਉਣ-ਜਾਣ ’ਤੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੋਏ ਪਰ ਕੰਮ ਨਾ ਹੋਣ ਕਾਰਨ ਉਹ ਨਿਰਾਸ਼ ਵਾਪਸ ਗਏ। ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਜ਼ਮੀਨ ਨਾਲ ਜੁੜੇ ਬਹੁਤ ਸਾਰੇ ਕੰਮ ਅਦਾਲਤੀ ਕਾਰਵਾਈ, ਬੈਂਕ ਕਰਜ਼ੇ, ਰਜਿਸਟਰੀਆਂ ਅਤੇ ਹੋਰ ਸਰਕਾਰੀ ਪ੍ਰਕਿਰਿਆਵਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਵਿੱਚ ਇੱਕ ਦਿਨ ਦੀ ਦੇਰੀ ਵੀ ਉਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਤਹਿਸੀਲ ਦੇ ਪਟਵਾਰ ਭਵਨ ਵਿਚ ਕੰਮ ਕਰਵਾਉਣ ਆਏ ਅਨਮੋਲ ਸਿੰਘ ਪੰਚ ਪੱਬੀਆਂ, ਕੁਲਵੰਤ ਸਿੰਘ ਤਲਵੰਡੀ ਖੁਰਦ ਅਤੇ ਕਰਮਜੀਤ ਸਿੰਘ ਪੋਨਾ ਨੇ ਸਰਕਾਰ ਅਤੇ ਪਟਵਾਰੀ ਜਥੇਬੰਦੀ ਨੂੰ ਅਪੀਲ ਕੀਤੀ ਕਿ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਜਲਦ ਕੱਢਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰ ਨਾ ਹੋਣਾ ਪਵੇ ਅਤੇ ਸਰਕਾਰੀ ਸੇਵਾਵਾਂ ਮੁੜ ਆਮ ਵਾਂਗ ਬਹਾਲ ਹੋ ਸਕਣ। ਇਸ ਸਬੰਧੀ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਸੁਚਾਰੂ ਬਣਾਈ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਵਿਕਲਪਕ ਪ੍ਰਬੰਧਾਂ ਰਾਹੀਂ ਜਨਤਾ ਦੇ ਜ਼ਰੂਰੀ ਕੰਮ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇ ਰਿਹਾ ਹੈ ਅਤੇ ਜਿੱਥੇ ਸੰਭਵ ਹੋਵੇ, ਉੱਥੇ ਕੰਮਾਂ ਨੂੰ ਲਗਾਤਾਰ ਨਿਪਟਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਅਗਲੀ ਖ਼ਬਰ ਕੰਵਰਪਾਲ ਸਿੰਘ ਨੇ ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
Ad Position 24