ਮੁੱਲਾਂਪੁਰ-ਦਾਖਾ, 24 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਅੱਜ ਚੌਥੇ ਦਿਨ ’ਚ ਸ਼ਾਮਿਲ ਹੋ ਗਿਆ। ਪਾਵਰਕਾਮ ਮੰਡਲ ਅੱਡਾ ਦਾਖਾ ਵਿਖੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਪੀ.ਐੱਸ.ਈ ਬੀ ਇੰਪਲਾਈਜ਼ ਫੈੱਡਰੇਸ਼ਨ (ਏਟਕ), ਟੈਕਨੀਕਲ ਸਰਵਿਸ ਯੂਨੀਅਨ, ਮਨਿਸਟਰੀ ਆਫ ਸਰਵਿਸ ਯੂਨੀਅਨ, ਪੀ.ਐੱਸ.ਯੂ, ਐੱਮ.ਐੱਸ.ਯੂ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ, ਇੰਪਲਾਈਜ਼ ਫੈੱਡਰੇਸ਼ਨ, ਗਰਿੱਡ ਇੰਪਲਾਈਜ਼ ਯੂਨੀਅਨ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਵਲੋਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਬਕਾਇਆ ਡੀ.ਏ., 19900 ਪੇਅ-ਬੈਂਡ ਨਿਯਮਾਂ ਅਨੁਸਾਰ 35400 ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਕੱਚੇ ਕਾਮੇ ਰੈਗੂਲਰ ਕਰਵਾਉਣ ਸਮੇਤ ਦਰਜਨ ਹੋਰ ਮੰਗਾਂ ਨੂੰ ਲੈ ਕੇ ਬਿਜਲੀ ਕਾਮੇ ਆਪਣੇ ਭਵਿੱਖ ਨਾਲ ਹੁੰਦੇ ਖਿਲਵਾੜ ਦੀ ਗੱਲ ਕਰ ਰਹੇ ਹਨ। ਅਲੱਗ-ਅਲੱਗ ਯੂਨੀਅਨਾਂ ਦੀ ਪ੍ਰਧਾਨਗੀਂ ਕਰ ਰਹੇ ਆਗੂਆਂ ਕਿਹਾ ਕਿ ਬਿਜਲੀ ਕਾਮਿਆਂ ਦਾ ਦਰਦ ਰੁਜ਼ਗਾਰ ਤੋਂ ਲੈ ਕੇ ਉਨ੍ਹਾਂ ਨਾਲ ਨੌਕਰੀ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਹੋ ਰਹੇ ਖਿਲਵਾੜ ਨਾਲ ਵੀ ਹੈ। ਸਮੂਹਿਕ ਛੁੱਟੀ ’ਤੇ ਰਹਿ ਕੇ ਪੰਜਾਬ ਸਰਕਾਰ ਦੀ ਪਾਵਰ ਮੈਨੇਜਮੈਂਟ ਖ਼ਿਲਾਫ਼ ਖੋਲ੍ਹੀ ਬੈਠੇ ਬਿਜਲੀ ਕਾਮਿਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਅੱਜ ਚਾਰ ਦਿਨ ਦੀ ਹੜਤਾਲ ਬਾਅਦ ਸੂਬਾ ਕਮੇਟੀ ਵਲੋਂ ਸੋਮਵਾਰ ਜੋ ਵੀ ਫ਼ੈਸਲਾ ਆਇਆ, ਉਸ ਅਨੁਸਾਰ ਹੀ ਕੰਮ ਜਾਂ ਹੜਤਾਲ ਦੋਵਾਂ ’ਚੋਂ ਇਕ ਨੂੰ ਚੁਣਿਆ ਜਾਵੇਗਾ। ਮੰਡਲ ਦਾਖਾ ਵਿਖੇ ਪਾਵਰਕਾਮ ਦੇ ਧਰਨੇ ਵਿਚ ਸੁਧਾਰ, ਹੰਬੜਾਂ, ਅੱਡਾ ਦਾਖਾ ਸ਼ਹਿਰੀ, ਸਬ-ਅਰਬਨ ਦੇ ਵੱਡੀ ਗਿਣਤੀ ਮੁਲਾਜ਼ਮ ਸ਼ਾਮਿਲ ਰਹਿਣ ਨਾਲ ਪਾਵਰਕਾਮ ਦੇ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਬਹੁਤੀਆਂ ਸੀਟਾਂ ਖਾਲੀ ਰਹੀਆਂ।