ਰਾਏਕੋਟ, 29 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਪਿੰਡ ਫੇਰੂਰਾਈ ਵਿਖੇ ਸਥਿਤ ‘ਪ੍ਰਭ ਆਸਰਾ’ (ਨਿਆਸਰਿਆਂ ਦੇ ਘਰ) ਵਲੋਂ ਮਾਨਵਤਾ ਦੀ ਸੇਵਾ ਕਰਦਿਆਂ ਇਕ ਹੋਰ ਸ਼ਲਾਘਾਯੋਗ ਕਾਰਜ਼ ਕੀਤਾ ਗਿਆ ਹੈ।ਇਸ ਸੰਸਥਾ ਵਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਇਕ ਮੰਦਬੁੱਧੀ ਨੌਜਵਾਨ ਚਮਕੌਰ ਸਿੰਘ ਕੌਰਾ ਨੂੰ ਆਸਰਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਭ ਆਸਰਾ ਆਸ਼ਰਮ ਫੇਰੂਰਾਈ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਕਰਮਗੜ੍ਹ ਦੇ ਸਰਪੰਚ ਹਰਕੇਸ਼ ਸਿੰਘ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਪ੍ਰਭ ਆਸਰਾ ਫੇਰੂਰਾਈ ਵਿਖੇ ਆ ਕੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।ਪੰਚਾਇਤ ਨੇ ਦੱਸਿਆ ਕਿ ਚਮਕੌਰ ਸਿੰਘ ਪਿਛਲੇ ਕਈ ਸਾਲਾਂ ਤੋਂ ਪਿੰਡ ਕਰਮਗੜ੍ਹ ਵਿੱਚ ਬੇਹੱਦ ਤਰਸਯੋਗ ਹਾਲਤ ਵਿਚ ਰਹਿ ਰਿਹਾ ਹੈ, ਪਹਿਲਾਂ ਉਸਦੇ ਮਾਤਾ-ਪਿਤਾ ਹੀ ਉਸਦੀ ਦੇਖਭਾਲ ਕਰਦੇ ਸਨ, ਪਰ ਹੁਣ ਉਹ ਆਪਣੀ ਬਿਰਧ ਅਵਸਥਾ ਵਿਚ ਹੋਣ ਕਾਰਨ ਉਸਦੀ ਯੋਗ ਦੇਖਭਾਲ ਕਰਨ ਵਿਚ ਅਸਮਰੱਥ ਹਨ। ਚਮਕੌਰ ਸਿੰਘ ਦੀ ਮੰਦਬੁੱਧੀ ਹਾਲਤ ਹੋਣ ਕਰਕੇ ਹੋਰ ਕੋਈ ਵੀ ਵਿਅਕਤੀ ਉਸਨੂੰ ਸੰਭਾਲਣ ਦੇ ਯੋਗ ਨਹੀਂ ਹੈ।ਇਸ ਸਥਿਤੀ ਨੂੰ ਦੇਖਦਿਆਂ ਪੰਚਾਇਤ ਵਲੋਂ ਬੇਨਤੀ ਕੀਤੀ ਗਈ ਕਿ ਉਸਨੂੰ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਵਿਚ ਆਸਰਾ ਦਿੱਤਾ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਪ੍ਰਭ ਆਸਰਾ ਦੇ ਕਮੇਟੀ ਮੈਂਬਰਾਂ ਨੇ ਪਹਿਲ ਦੇ ਆਧਾਰ ’ਤੇ ਚਮਕੌਰ ਸਿੰਘ ਕੌਰਾ ਨੂੰ ਆਸਰਾ ਦੇ ਕੇ ਸਮਾਜ ਭਲਾਈ ਦੀ ਵੱਡੀ ਮਿਸਾਲ ਕਾਇਮ ਕੀਤੀ। ਇਸ ਮੌਕੇ ਕੈਨੇਡਾ ਤੋਂ ਪ੍ਰਭ ਆਸਰਾ ਦੇ ਸਹਿਯੋਗੀ ਹਰਜੀਤ ਸਿੰਘ ਰਾਏ ਨੇ ਦੱਸਿਆ ਕਿ ਪਿੰਡ ਫੇਰੂਰਾਈ ਵਿਖੇ ਨਿਆਸਰਿਆਂ ਦੇ ਘਰ ਵਿਚ ਇਸ ਸਮੇਂ 50 ਦੇ ਕਰੀਬ ਮੰਦਬੁੱਧੀ ਬੱਚੇ ਅਤੇ ਬਜ਼ੁਰਗ ਰਹਿ ਰਹੇ ਹਨ, ਜਿਨ੍ਹਾਂ ਦੀ ਸੇਵਾ-ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਮੰਦਬੁੱਧੀ ਨੌਜਵਾਨ ਨੂੰ ਨਵਾਂ ਜੀਵਨ ਤੇ ਆਸਰਾ ਦੇਣ ਲਈ ਪਿੰਡ ਕਰਮਗੜ੍ਹ ਦੀ ਸਮੁੱਚੀ ਪੰਚਾਇਤ ਅਤੇ ਸਰਪੰਚ ਹਰਕੇਸ਼ ਸਿੰਘ ਵਲੋਂ ਪ੍ਰਭ ਆਸਰਾ ਫੇਰੂਰਾਈ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਗੁਰਦੀਪ ਸਿੰਘ, ਗੁਰਜੰਟ ਸਿੰਘ, ਗੁਰਬਚਨ ਸਿੰਘ, ਸੁਖਵਿੰਦਰ ਸਿੰਘ, ਜੀਵਨ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਪ੍ਰਭ ਆਸਰਾ ਸੰਸਥਾ ਵਲੋਂ ਸੂਬੇਦਾਰ ਜਗਸੀਰ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਮੁਕੰਦ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ ਰਾਏ ਆਦਿ ਹਾਜ਼ਰ ਸਨ।