ਖੇਤੀ ਲਾਗਤਾਂ ਦੇ ਮੁਕਾਬਲੇ ਸਮਰਥਨ ਮੁੱਲ ਵਿਚ ਕੀਤਾ ਵਾਧਾ ਊਠ ਦੇ ਮੂੰਹ ’ਚ ਜ਼ੀਰਾ - ਬੀਕੇਯੂ (ਰਾਜੇਵਾਲ)
ਰਾਏਕੋਟ, 2 ਅਕਤੂਬਰ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਤਾਜ਼ਾ ਵਾਧੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਇਸ ਵਾਧੇ ਨੂੰ ਮਾਮੂਲੀ ਅਤੇ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਦੇਸ਼ ਦੇ ਅੰਨਦਾਤੇ ਨਾਲ ਇਕ ਬਹੁਤ ਹੀ ਕੋਝਾ ਮਜ਼ਾਕ ਹੈ।
ਰਾਏਕੋਟ, 2 ਅਕਤੂਬਰ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਤਾਜ਼ਾ ਵਾਧੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਇਸ ਵਾਧੇ ਨੂੰ ਮਾਮੂਲੀ ਅਤੇ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਦੇਸ਼ ਦੇ ਅੰਨਦਾਤੇ ਨਾਲ ਇਕ ਬਹੁਤ ਹੀ ਕੋਝਾ ਮਜ਼ਾਕ ਹੈ। ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਖੇਤੀ ਲਾਗਤਾਂ ਵਿੱਚ ਦਿਨ-ਬ-ਦਿਨ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਡੀਜ਼ਲ, ਖਾਦਾਂ ਅਤੇ ਕੀਟਨਾਸ਼ਕ, ਖੇਤੀ ਮਸ਼ੀਨਰੀ ਅਤੇ ਮਜ਼ਦੂਰੀ ਦੇ ਰੇਟ ਅਸਮਾਨ ਛੂਹ ਰਹੇ ਹਨ। ਅਜਿਹੇ ਮਹਿੰਗਾਈ ਦੇ ਦੌਰ ਵਿੱਚ ਕੇਂਦਰ ਸਰਕਾਰ ਵੱਲੋਂ ਐੱਮ.ਐੱਸ.ਪੀ. ਵਿੱਚ ਕੀਤਾ ਗਿਆ 25 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਵਾਧਾ ਕਿਸਾਨਾਂ ਲਈ ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਦੇ ਬਰਾਬਰ ਹੈ। ਉਨ੍ਹਾਂ ਸਰਕਾਰ ਦੀ ਨੀਅਤ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਜਿਹੇ ਨਿਗੂਣੇ ਵਾਧੇ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ’ਤੇ ਆਇਆ ਖਰਚਾ ਵੀ ਪੂਰਾ ਨਹੀਂ ਹੁੰਦਾ, ਜਿਸ ਕਾਰਨ ਕਿਸਾਨ ਲਗਾਤਾਰ ਕਰਜ਼ੇ ਦੀ ਮਾਰ ਹੇਠ ਦੱਬਦਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਭਾਅ ਡਾ: ਐੱਮ.ਐੱਸ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕੀਤੇ ਜਾਣ ਤਾਂ ਜੋ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਬਚ ਸਕਣ।ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ ਰਿੰਕੂ ਜ਼ਿਲ੍ਹਾ ਯੂਥ ਪ੍ਰਧਾਨ, ਰਣਵੀਰ ਸਿੰਘ ਬਲਾਕ ਪ੍ਰਧਾਨ ਮੁੱਲਾਂਪੁਰ, ਸੁਰਜੀਤ ਸਿੰਘ ਬਰ੍ਹਮੀ ਬਲਾਕ ਮੀਤ ਪ੍ਰਧਾਨ, ਬਲਰਾਜ ਸਿੰਘ ਬਾਜੀ ਬਲਾਕ ਯੂਥ ਪ੍ਰਧਾਨ, ਰਣਜੀਤ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਪ੍ਰਧਾਨ ਦਲਜੀਤ ਸਿੰਘ. ਬਲਜੀਤ ਸਿੰਘ, ਚੇਅਰਮੈਨ ਕਰਮਜੀਤ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਬਰਿੰਦਰ ਸਿੰਘ ਜਗਦੀਪ ਸਿੰਘ ਆਦਿ ਵੀ ਮੌਜ਼ੂਦ ਸਨ।