ਬਲਾਚੌਰ, 24 ਜਨਵਰੀ (ਨਰੇਸ਼ ਧੌਲ) - ਵਿਦਿਆਰਥੀਆਂ ਨੂੰ ਖੇਤੀਬਾੜੀ ਵਿੱਚ ਗਿਆਨ ਅਤੇ ਅਨੁਭਵ ਪ੍ਰਦਾਨ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਲਾਹ, ਰੂਪਨਗਰ ਦੇ ਵਿਦਿਆਰਥੀਆਂ ਵੱਲੋਂ ਪੀ.ਏ.ਯੂ.- ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਵਿੱਦਿਅਕ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਡਾ. ਮਨਮੋਹਨਜੀਤ ਸਿੰਘ ਡੀਨ ਨੇ ਖੇਤਰੀ ਖੋਜ ਕੇਂਦਰ ਦੇ ਕੰਮਾਂ ਅਤੇ ਖੇਤੀਬਾੜੀ ਕਾਲਜ ਵਿਖੇ ਕਰਵਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਕਾਲਜ ਦੇ ਕਮੇਟੀ ਰੂਮ ਵਿੱਚ ਆਂਚਲ ਕਟਾਰੀਆ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਚਲਾਏ ਜਾ ਰਹੇ ਕੋਰਸ ਬੀ.ਐਸ.ਸੀ. (ਖੇਤੀਬਾੜੀ) ਵਿੱਚ ਦਾਖਲਾ ਲੈਣ ਅਤੇ ਇਸ ਦੀ ਪੜ੍ਹਾਈ ਕਰਨ ਦੇ ਨਾਲ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ | ਓਰੀਐਂਟੇਸ਼ਨ ਤੋਂ ਬਾਅਦ ਡਾ. ਸ਼ਮਿੰਦਰ ਕੁਮਾਰ, ਡਾ. ਸਰਵਣ ਕੁਮਾਰ ਅਤੇ ਡਾ. ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਆਧੁਨਿਕ ਕਲਾਸ ਰੂਮਾਂ ਦਾ ਦੌਰਾ ਕਰਵਾਇਆ | ਡਾ. ਵਰੁਣ ਅੱਤਰੀ ਨੇ ਵਿਦਿਆਰਥੀਆਂ ਨੂੰ ਹਰਬਲ ਗਾਰਡਨ, ਜੰਗਲਾਤ ਖੋਜ ਫਾਰਮ ਅਤੇ ਖੇਤਰੀ ਖੋਜ ਕੇਂਦਰ ਦਾ ਦੌਰਾ ਕਰਵਾਇਆ | ਡਾ. ਬਾਲ ਕਿ੍ਸ਼ਨ ਸੋਪਨ ਭੋਪਲੇ ਨੇ ਮਿੱਟੀ ਪਰਖ ਅਤੇ ਡਾ. ਨਵਨੀਤ ਕੌਰ ਨੇ ਮੌਸਮ ਆਬਜ਼ਰਵੇਟਰੀ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ | ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |