ਨਵਾਂਸ਼ਹਿਰ 12 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ | ਬੰਗਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਚੌਧਰੀ ਮੋਹਣ ਲਾਲ ਬੰਗਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਪਾਰਟੀ 'ਚ ਮੁੜ ਸ਼ਾਮਿਲ ਹੋਣ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਕੀਤਾ | ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਿਲ ਕਰਨ ਦੀ ਭੂਮਿਕਾ ਬੁੱਧ ਸਿੰਘ ਬਲਾਕੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਨਿਭਾਈ | ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਚੌਧਰੀ ਮੋਹਣ ਲਾਲ ਬਹੁਤ ਹੀ ਹਿੰਮਤੀ ਤੇ ਸੰਘਰਸ਼ਸ਼ੀਲ ਆਗੂ ਹਨ | ਉਨ੍ਹਾਂ ਨੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨਾਲ ਕੰਮ ਕੀਤਾ ਅਤੇ ਬੰਗਾ ਹਲਕੇ ਤੋਂ ਨੁਮਾਇੰਦਗੀ ਵੀ ਕੀਤੀ | ਉਨ੍ਹਾਂ ਆਖਿਆ ਕਿ ਕੁਝ ਕਾਰਨਾਂ ਕਰਕੇ ਦੂਸਰੀ ਪਾਰਟੀਆਂ ਚ ਸ਼ਾਮਿਲ ਹੋਏ | ਚੌਧਰੀ ਮੋਹਨ ਲਾਲ ਨੇ ਮੁੜ ਆਪਣੇ ਘਰ ਚ ਸ਼ਮੂਲੀਅਤ ਕੀਤੀ ਹੈ | ਇਨ੍ਹਾਂ ਨੂੰ ਪਾਰਟੀ 'ਚ ਪੂਰਾ ਸਤਿਕਾਰ ਦਿੱਤਾ ਜਾਵੇਗਾ | ਚੌਧਰੀ ਮੋਹਣ ਲਾਲ ਨੇ ਆਖਿਆ ਕਿ ਉਹ ਬੰਗਾ ਹਲਕੇ ਚ ਤਨਦੇਹੀ ਨਾਲ ਕੰਮ ਕਰਨਗੇ | ਪਾਰਟੀ ਵਲੋਂ ਜੋ ਵੀ ਜਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ | ਉਨ੍ਹਾਂ ਆਖਿਆ ਕਿ ਇਸ ਸਮੇਂ ਮੁੜ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਪੈਦਾ ਹੋਣ ਲੱਗ ਪਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਨਾਲ ਪੰਜਾਬ 'ਚ ਮੁੜ ਵਿਕਾਸ ਦਾ ਦੌਰ ਸ਼ੁਰੂ ਹੋਵੇਗਾ |