ਕਟਾਰੀਆਂ, 12 ਮਾਰਚ (ਪ੍ਰੇਮੀ ਸੰਧਵਾਂ)-ਰਾਹਗੀਰਾਂ ਨੇ ਆਪਣਾ ਦੁੱਖ ਸੁਣਾਉਂਦਿਆਂ ਕਿਹਾ ਕਿ ਜਦੋਂ ਸਰਕਾਰ ਵਲੋਂ ਭਰੋਲੀ ਮਾਣਕਾਂ ਤੱਕ ਖਸਤਾ ਹਾਲਤ ਬਣ ਚੁੱਕੀ ਸੜਕ 'ਤੇ ਦੋਪਹੀਆ ਰਾਹਗੀਰਾਂ ਦੀ ਸਹੂਲਤ ਵਾਸਤੇ ਪੱਥਰ ਪਾਉਣਾ ਸ਼ੁਰੂ ਕੀਤਾ ਸੀ ਤਾਂ ਰਾਹਗੀਰਾਂ ਨੇ ਪੰਜਾਬ ਸਰਕਾਰ ਤੇ ਸੜਕੀ ਵਿਭਾਗ ਦਾ ਦਿਲੋਂ ਧੰਨਵਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ, ਪਰ ਸਰਕਾਰ ਤੇ ਸੜਕੀ ਵਿਭਾਗ ਵਲੋਂ ਸੜਕ 'ਤੇ ਪਾਏ ਪੱਥਰ 'ਤੇ ਪਿ੍ਮਿਕਸ ਨਾ ਪਾਉਣ ਕਾਰਨ ਦੋਪਹੀਆ ਰਾਹਗੀਰ ਗੰਭੀਰ ਸੱਟਾਂ ਦਾ ਸ਼ਿਕਾਰ ਹੁੰਦੇ ਦੇਖੇ ਜਾ ਸਕਦੇ ਹਨ, ਕਿਉਂਕਿ ਰਾਹਗੀਰਾਂ ਦੀ ਟੁੱਟੀ ਸੜਕ ਨੂੰ ਬਣਾਉਣ ਲਈ ਕੀਤੀ ਗਈ ਬੇਨਤੀ ਨੂੰ ਤਾਂ ਸਰਕਾਰ ਨੇ ਸਵੀਕਾਰ ਕਰ ਲਿਆ, ਪਰ ਅਫਸੋਸ ਸਰਕਾਰ ਵਲੋਂ ਸੜਕ 'ਤੇ ਪਾਏ ਪੱਥਰ ਨੇ ਦੋਪਹੀਆ ਰਾਹਗੀਰਾਂ ਦੀ ਜਾਨ ਸੂਲੀ 'ਤੇ ਟੰਗੀ ਹੋਈ ਹੈ | ਕਿਉਂਕਿ ਪ੍ਰੀਮਿਕਸ ਨਾ ਪਾਉਣ ਕਾਰਨ ਸੜਕ 'ਤੇ ਪਾਇਆ ਪੱਥਰ ਭਿਆਨਕ ਰੂਪ ਵਿੱਚ ਉਖੜ ਚੁੱਕਾ ਹੈ, ਜਿਸ ਨਾਲ ਦੋਪਹੀਆ ਵਾਹਨ ਚਾਲਕਾਂ ਦੇ ਪੱਥਰਾਂ ਤੋਂ ਫਿਸਲਣ ਕਾਰਨ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ | ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਕੁੱਝ ਕੁ ਦਿਨਾਂ ਤੱਕ ਭਰੋਲੀ-ਮਾਣਕਾ ਸੜਕ 'ਤੇ ਪਾਏ ਪੱਥਰ 'ਤੇ ਜਲਦ ਪ੍ਰੀਮਿਕਸ ਨਾ ਪਾਈ ਗਈ ਤਾਂ ਉਹ ਮਜ਼ਬੂਰ ਹੋ ਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਕਿਸੇ ਵੇਲੇ ਵੀ ਬਹਿਰਾਮ- ਮਾਹਿਲਪੁਰ ਮੁੱਖ ਸੜਕ ਦਾ ਚੱਕਾ ਜਾਮ ਕਰਨ ਤੋਂ ਗੁਰੇਜ ਨਹੀਂ ਕਰਨਗੇ |