ਰੱਤੇਵਾਲ, 12 ਮਾਰਚ (ਅਸ਼ੋਕ ਕੁਮਾਰ ਲੀਲ)-ਵਿਧਾਨ ਸਭਾ ਸੂਬੇ ਦੇ ਮੁੱਖ ਅਤੇ ਗੰਭੀਰ ਮੁੱਦਿਆਂ 'ਤੇ ਵਿਚਾਰ-ਚਰਚਾ ਕਰਨ ਦਾ ਇਕ ਲੋਕ ਹਿਤੈਸ਼ੀ ਪਲੇਟਫ਼ਾਰਮ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਵਿਧਾਨ ਸਭਾ ਅੰਦਰ ਲੋਕ ਮੁੱਦਿਆਂ 'ਤੇ ਵਿਚਾਰ ਚਰਚਾ ਦੀ ਘਾਟ ਨਜ਼ਰ ਆ ਰਹੀ ਹੈ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕਾਂ ਦੇ ਮੁੱਦੇ ਅਤੇ ਮੰਗਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਲੋਕਾਂ ਦਾ ਧਿਆਨ ਗੈਰ ਜ਼ਰੂਰੀ ਮੁੱਦਿਆਂ ਵੱਲ ਸਰਕਾਰ ਤੇ ਮੈਂਬਰਾਂ ਵਲੋਂ ਖਿੱਚਿਆ ਜਾਂਦਾ ਹੈ, ਪਰ ਬੁੱਧਵਾਰ ਜੋ ਕੁੱਝ ਹਾਊਸ ਅੰਦਰ ਹੋਇਆ ਉਹ ਚਿੰਤਾਜਨਕ ਹੈ, ਜਿਸ ਤਰ੍ਹਾਂ ਦਾ ਸ਼ਬਦੀ ਮਲ ਯੁੱਧ ਵੇਖਣ ਨੂੰ ਮਿਲਿਆ ਉਸਨੇ ਵਿਧਾਨ ਸਭਾ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਦੇ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਅਮਨ ਕਾਨੂੰਨ, ਮਾਰੂ ਨਸ਼ੇ, ਖੇਤੀ ਨੀਤੀ ਅਤੇ ਹਵਾ-ਪਾਣੀ ਦੇ ਪ੍ਰਦੂਸ਼ਣ ਹਨ, ਸਮੁੱਚੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਇਹਨਾਂ ਗੰਭੀਰ ਮੁੱਦਿਆਂ 'ਤੇ ਵਿਚਾਰ ਚਰਚਾ ਕਰਕੇ ਪੰਜਾਬੀਆਂ ਨੂੰ ਰਾਹਤ ਦੇਣੀ ਹੁੰਦੀ ਹੈ | ਅਫ਼ਸੋਸ ਦੀ ਗੱਲ ਹੈ ਕਿ ਬਹੁਤੇ ਸਤਿਕਾਰਯੋਗ ਮੈਂਬਰ ਗੁੰਗੇ ਬਣੇ ਹੋਏ ਹਨ ਤੇ ਕਈ ਸਾਥੀ ਸੁੱਚੇ ਮੂੰਹ ਘਰਾਂ ਨੂੰ ਮੁੜਨਗੇ | ਕਿਹਾ ਕਿ ਇਸ ਵਰਤਾਰੇ ਲਈ ਅਸੀਂ ਪੰਜਾਬੀ ਵੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਆਪਣੀ ਚੇਤਨਾ ਦੀ ਵਰਤੋਂ ਉਮੀਦਵਾਰਾਂ ਨੂੰ ਚੁਣਨ ਵਿਚ ਨਹੀਂ ਕਰਦੇ, ਜਿਸ ਦਾ ਸਿੱਟਾ ਨਿਕਲਦਾ ਹੈ ਕਿ ਨਾਲਾਇਕ ਮੈਂਬਰ ਵੀ ਵਿਧਾਨ ਸਭਾ ਵਿਚ ਪਹੁੰਚ ਜਾਂਦੇ ਹਨ ਅਤੇ ਉਹ ਉੱਥੇ ਜਾ ਕੇ ਗੁੰਗੇ ਪਹਿਲਵਾਨ ਦਾ ਰੋਲ ਕਰਦੇ ਹਨ | ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਂਬਰ ਚੁਣਨ ਲੱਗਿਆਂ ਆਪਣੀ ਚੇਤਨਾ ਦੀ ਵਰਤੋਂ ਹਾਂ ਪੱਖੀ ਕੀਤੀ ਜਾਵੇ |