ਨਵਾਂਸ਼ਹਿਰ, 11 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਲਈ ਵੱਡਾ ਕਾਫਲਾ ਰਵਾਨਾ ਹੋਇਆ | ਸੂਬਾ ਕਮੇਟੀ ਦੇ ਵਾਇਸ ਪ੍ਰਧਾਨ ਦਿਲਦਾਰ ਸਿੰਘ ਚਾਹਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਪ੍ਰੈਕਟੀਸ਼ਨਰਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵੱਡੇ ਵਾਅਦੇ ਕੀਤੇ ਸਨ | ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਾਨੂੰਨ ਵਿੱਚ ਲੋੜੀਂਦੀ ਸੋਧ ਕਰਕੇ ਜਾਂ ਨਵਾਂ ਕਾਨੂੰਨ ਬਣਾ ਕੇ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦਾ ਰੈਗੂਲਰ ਅਧਿਕਾਰ ਦਿੱਤਾ ਜਾਵੇਗਾ | ਢਿੱਲੋਂ ਨੇ ਅਫ਼ਸੋਸ ਜਤਾਇਆ ਕਿ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਸਰਕਾਰ ਦੀ ਇਸ ਕਥਿਤ ਵਾਅਦਾ ਖਿਲਾਫ਼ੀ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸ਼ਨਰ ਸੰਗਰੂਰ ਵਿਖੇ ਇਕੱਠੇ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ | ਐਸੋਸੀਏਸ਼ਨ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ ਤਾਂ ਜੋ ਉਹ ਬਿਨਾ ਕਿਸੇ ਡਰ ਤੋਂ ਲੋਕਾਂ ਦੀ ਸੇਵਾ ਕਰ ਸਕਣ | ਇਸ ਮੌਕੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ, ਜਿਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਰੈਲੀ ਵਿੱਚ ਜ਼ਿਲ੍ਹੇ ਦੇ ਮੈਂਬਰ ਸ਼ਾਮਲ ਹੋਏ | ਇਸ ਮੌਕੇ ਗਿਆਨ ਸਿੰਘ ਮੰਡੇਰ, ਹਰਜਿੰਦਰ ਸਿੰਘ, ਮਨੋਹਰ ਲਾਲ, ਪਿੰਕਾ, ਯਸ਼ਪਾਲ ਸ਼ਰਮਾ, ਰਾਹੋਂ ਤੋਂ ਕੁਲਵਿੰਦਰ, ਤਰਸੇਮ, ਬਿਮਲ, ਟੇਕ ਚੰਦ, ਮੁਕੰਦਪੁਰ ਤੋਂ ਦੇਸ ਰਾਜ, ਨਵਾਂਸ਼ਹਿਰ ਤੋਂ ਹਰਜਿੰਦਰ ਸਿੰਘ, ਅਵਤਾਰ ਮੱਲ੍ਹ, ਮਨਜੀਤ ਲੱਧੜ, ਬਲਾਕ ਔੜ ਤੋਂ ਅਸ਼ੋਕ ਸ਼ਰਮਾ, ਧਰਮਜੀਤ, ਧਰਮਪਾਲ, ਬਿੱਟੂ ਪਾਬਲਾ, ਬਹਿਰਾਮ ਤੋਂ ਰਾਜੇਸ਼, ਕਰਨੈਲ ਸਿੰਘ, ਮੰਗਲ, ਸੰਦੀਪ ਜੋਸ਼ੀ, ਬੰਗਾ ਤੋਂ ਕਸ਼ਮੀਰ ਸਿੰਘ, ਧੀਰਜ, ਰਜਿੰਦਰ ਸ਼ਰਮਾ, ਸੜੋਆ ਤੋਂ ਬਲਵੀਰ ਚੰਦ, ਬਲਵੀਰ ਸਿੰਘ, ਦਾਰਾ ਸਿੰਘ ਆਦਿ ਹਾਜ਼ਰ ਸਨ |